ਚੰਡੀਗੜ, 10 ਅਗਸਤ 2024: ਹਰਿਆਣਾ ਸਟਾਫ਼ ਕਮਿਸ਼ਨ (HSCC) ਦੇ ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਕਿ ਕਮਿਸ਼ਨ 50 ਹਜ਼ਾਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤਿਆਰ ਹੈ। ਇਸੇ ਲੜੀ ਤਹਿਤ ਕਮਿਸ਼ਨ ਨੇ ਗਰੁੱਪ ਡੀ ਅਤੇ ਟੀਜੀਟੀ ਪੰਜਾਬੀ ਦੀਆਂ ਅਸਾਮੀਆਂ ਦਾ ਨਤੀਜਾ ਐਲਾਨ ਦਿੱਤਾ ਹੈ।
ਕਮਿਸ਼ਨ (HSCC) ਨੇ ਇਸ਼ਤਿਹਾਰ ਨੰਬਰ 1/2024 ਦੇ ਤਹਿਤ ਇਸ਼ਤਿਹਾਰ ਦਿੱਤੇ ਗਰੁੱਪ ਡੀ ਦੀਆਂ ਬਾਕੀ 3200 ਅਸਾਮੀਆਂ ਲਈ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ 5/2023 ਦੀਆਂ ਪੰਜਾਬੀ ਟੀਜੀਟੀ ਦੀਆਂ 104 ਅਸਾਮੀਆਂ ਦਾ ਨਤੀਜਾ ਵੀ ਐਲਾਨਿਆ ਗਿਆ ਹੈ। ਇਸ ਨਾਲ ਪੰਜਾਬ ਦੇ ਨਾਲ ਲੱਗਦੇ ਸਿਰਸਾ, ਫਤਿਹਾਬਾਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਜ਼ਿਲ੍ਹਿਆਂ ਦੇ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ 1456 ਪ੍ਰਾਇਮਰੀ ਟੀਚਰ (ਪੀ.ਆਰ.ਟੀ.) ਦੀਆਂ ਅਸਾਮੀਆਂ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ ਕਮਿਸ਼ਨ ਦੀ ਵੈੱਬਸਾਈਟ ‘ਤੇ 21 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ।
ਹਿੰਮਤ ਸਿੰਘ ਨੇ ਦੱਸਿਆ ਕਿ ਕਮਿਸ਼ਨ ਨੇ ਸਰਕਾਰ ਦੀ ਮੰਗ ਅਨੁਸਾਰ ਪਿਛਲੇ ਤਿੰਨ ਦਿਨਾਂ ‘ਚ 7500 ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ ਜਿਨ੍ਹਾਂ ‘ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਹੈ। ਨੂੰਹ ਜ਼ਿਲ੍ਹੇ ਨੂੰ ਸਿੱਖਿਆ ਦੇ ਖੇਤਰ ‘ਚ ਇੱਕ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਜਿਸ ‘ਚ ਵੀ 640 ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ (ਟੀਜੀਟੀ) ਹਨ।