Mandi

ਮੰਡੀ ਜਿਲ੍ਹੇ ‘ਚ ਜ਼ਮੀਨ ਖਿਸਕਣ ਕਾਰਨ HRTC ਦੀ ਬੱਸ ਹਾਦਸਾਗ੍ਰਸਤ, 14 ਯਾਤਰੀ ਜ਼ਖਮੀ

ਚੰਡੀਗੜ੍ਹ,12 ਅਗਸਤ, 2023: ਹਿਮਾਚਲ ਪ੍ਰਦੇਸ਼ ਦੇ ਮੰਡੀ (Mandi) ਜ਼ਿਲ੍ਹੇ ਦੇ ਸੁੰਦਰਨਗਰ ‘ਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੀ ਬੱਸ ਕੰਗੂ-ਦੇਹਰ ਲਿੰਕ ਸੜਕ ‘ਤੇ ਸੜਕ ਟੁੱਟਣ ਕਾਰਨ ਕਰੀਬ 25 ਤੋਂ 30 ਫੁੱਟ ਤੱਕ ਡਿੱਗ ਗਈ। ਇਸ ਵਿੱਚ 14 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਸਾਰੇ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਤਿੰਨ ਸਵਾਰੀਆਂ ਨੂੰ ਵਧੇਰੇ ਗੰਭੀਰ ਸੱਟਾਂ ਦੱਸੀਆਂ ਜਾ ਰਹੀਆਂ ਹਨ। ਸਥਾਨਕ ਲੋਕ ਅਤੇ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ ਅਤੇ ਜ਼ਖਮੀਆਂ ਨੂੰ ਸੁੰਦਰਨਗਰ ਹਸਪਤਾਲ ‘ਚ ਲਿਆਂਦਾ ਜਾ ਰਿਹਾ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਚਆਰਟੀਸੀ ਬੱਸ ਸੁੰਦਰਨਗਰ ਤੋਂ ਸ਼ਿਮਲਾ ਵੱਲ ਜਾ ਰਹੀ ਸੀ। ਖੁਸ਼ਕਿਸਮਤੀ ਨਾਲ, ਬੱਸ ਸੜਕ ਦੇ ਇੱਕ ਧਸੇ ਹੋਏ ਹਿੱਸੇ ‘ਤੇ ਅਟਕ ਗਈ। ਜੇਕਰ ਬੱਸ ਪਹਾੜੀ ਤੋਂ ਹੇਠਾਂ ਪਲਟੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਭਾਰੀ ਮੀਂਹ ਕਾਰਨ ਸੜਕ ਦਾ ਕਰੀਬ 45 ਮੀਟਰ ਹਿੱਸਾ ਧੱਸ ਗਿਆ ਹੈ। ਇਸ ਕਾਰਨ ਹਾਈਵੇਅ ਨੂੰ ਵਾਹਨਾਂ ਦੀ ਆਵਾਜਾਈ ਲਈ ਵੀ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ | ਇਸ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਹਾਦਸਾ ਕੰਗੂ-ਦੇਹਰ ਰੋਡ ‘ਤੇ ਵੀ ਢਿੱਗਾਂ ਡਿੱਗਣ ਕਾਰਨ ਵਾਪਰਿਆ। ਹਿਮਾਚਲ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਦੇ ਵਿਚਕਾਰ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਮਲਬਾ ਅਤੇ ਚੱਟਾਨਾਂ ਡਿੱਗਣ ਕਾਰਨ ਮੰਡੀ (Mandi) ਮਨਾਲੀ ਨੈਸ਼ਨਲ ਹਾਈਵੇਅ ਮੀਲ 6 ਅਤੇ 9 ਦੇ ਨੇੜੇ ਬੰਦ ਹੈ।

Scroll to Top