15 ਫਰਵਰੀ 2025: ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਮੀਟਿੰਗ (Himachal Pradesh Cabinet meeting) ਸ਼ਨੀਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਹੇਠ ਰਾਜ ਸਕੱਤਰੇਤ ਸ਼ਿਮਲਾ ਵਿਖੇ ਹੋਈ। ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ 10 ਤੋਂ 28 ਮਾਰਚ, 2025 ਤੱਕ ਕਰਵਾਉਣ ਲਈ ਰਾਜਪਾਲ ਨੂੰ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਗਿਆ।
ਉਥੇ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ 17 ਮਾਰਚ ਨੂੰ ਹਿਮਾਚਲ ਦਾ ਬਜਟ ਪੇਸ਼ ਕਰਨਗੇ। ਬਜਟ ਸੈਸ਼ਨ ਵਿੱਚ 15 ਮੀਟਿੰਗਾਂ ਹੋਣਗੀਆਂ। ਰਾਜਪਾਲ (governer) ਦਾ ਭਾਸ਼ਣ 10 ਮਾਰਚ ਨੂੰ ਹੋਵੇਗਾ। ਉਸ ਤੋਂ ਬਾਅਦ ਇਸ ‘ਤੇ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ 13 ਮਾਰਚ ਨੂੰ ਚਰਚਾ ਦਾ ਜਵਾਬ ਦੇਣਗੇ। ਮੰਤਰੀ ਹਰਸ਼ ਵਰਧਨ ਚੌਹਾਨ ਅਤੇ ਅਨਿਰੁਧ ਸਿੰਘ ਨੇ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
ਛੇ ਭਰਤੀ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਛੇ ਪੋਸਟ ਕੋਡਾਂ ਵਿੱਚ 699 ਅਸਾਮੀਆਂ ਲਈ ਲੰਬਿਤ ਨਤੀਜਿਆਂ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਦਾਗੀ ਪੋਸਟਾਂ ਸ਼ਾਮਲ ਨਹੀਂ ਹਨ। ਇਨ੍ਹਾਂ ਵਿੱਚ ਮਾਰਕੀਟ ਸੁਪਰਵਾਈਜ਼ਰ (ਪੋਸਟ ਕੋਡ-977), ਫਾਇਰਮੈਨ (ਪੋਸਟ ਕੋਡ-916), ਡਰਾਇੰਗ ਮਾਸਟਰ (ਪੋਸਟ ਕੋਡ-980), ਐਚਪੀ ਸਕੱਤਰੇਤ ਕਲਰਕ (ਪੋਸਟ ਕੋਡ-962), ਬਿਜਲੀ ਬੋਰਡ ਲਾਈਨਮੈਨ (ਪੋਸਟ ਕੋਡ-971) ਅਤੇ ਸਟੈਨੋ ਟਾਈਪਿਸਟ (ਪੋਸਟ ਕੋਡ-928) ਸ਼ਾਮਲ ਹਨ। ਕੈਬਨਿਟ ਸਬ-ਕਮੇਟੀ ਨੇ ਕੈਬਨਿਟ ਨੂੰ ਇਨ੍ਹਾਂ ਭਰਤੀਆਂ ਦੇ ਨਤੀਜੇ ਜਾਰੀ ਕਰਨ ਦੀ ਸਿਫਾਰਸ਼ ਕੀਤੀ ਸੀ। ਮੰਤਰੀ ਮੰਡਲ ਨੇ ਹੁਣ ਰਾਜ ਚੋਣ ਕਮਿਸ਼ਨ ਨੂੰ ਇਨ੍ਹਾਂ ਅਸਾਮੀਆਂ ਲਈ ਨਤੀਜਾ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।