ਚੰਡੀਗੜ੍ਹ, 05 ਅਪ੍ਰੈਲ 2023: ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ (Jammu and Kashmir) ‘ਚ ਸਾਲ 2020, 2021 ਅਤੇ 2022 ‘ਚ 185 ਬਾਹਰੀ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਹਨ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲਾਂ ਵਿੱਚ ਲੱਦਾਖ ਵਿੱਚ ਕਿਸੇ ਬਾਹਰੀ ਵਿਅਕਤੀ ਨੇ ਜ਼ਮੀਨ ਨਹੀਂ ਖਰੀਦੀ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ 1559 ਭਾਰਤੀ ਕੰਪਨੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੇ ਜੰਮੂ-ਕਸ਼ਮੀਰ ਵਿੱਚ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ‘ਕ੍ਰਾਈਮ ਇਨ ਇੰਡੀਆ’ ਸਿਰਲੇਖ ਵਾਲੀ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਆਈਪੀਸੀ ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ ਅਨੁਸਾਰ ਨਾਬਾਲਗਾਂ ਵਿਰੁੱਧ ਦਰਜ ਕੇਸਾਂ ਵਿੱਚ ਕਮੀ ਆਈ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਸਾਲ 2019 ‘ਚ ਨਾਬਾਲਗਾਂ ਵਿਰੁੱਧ 32,269 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ, 2020 ਵਿੱਚ 29,768 ਅਤੇ 2021 ਵਿੱਚ 31,170 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ 2019 ਦੇ ਮੁਕਾਬਲੇ ਇਨ੍ਹਾਂ ਵਿੱਚ ਕਮੀ ਆਈ ਹੈ।
ਜਿਕਰਯੋਗ ਹੈ ਕਿ 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ (Jammu and Kashmir) ਤੋਂ ਧਾਰਾ 370 ਹਟਾਉਣ ਦਾ ਇਤਿਹਾਸਕ ਫੈਸਲਾ ਲਿਆ। ਇਸ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਵਿਦੇਸ਼ੀ ਨਿਵੇਸ਼ ਦਾ ਰਾਹ ਖੁੱਲ੍ਹ ਗਿਆ ਹੈ। ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 250 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਾਲ ਦਾ ਨੀਂਹ ਪੱਥਰ ਰੱਖਿਆ ਸੀ। ਰਾਜਧਾਨੀ ਸ਼੍ਰੀਨਗਰ ਦੇ ਸੇਮਪੋਰਾ ਖੇਤਰ ਵਿੱਚ ਯੂਏਈ ਸਥਿਤ ਏਮਾਰ ਗਰੁੱਪ ਦੁਆਰਾ ਮਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਰੁੱਪ ਜੰਮੂ ਅਤੇ ਸ੍ਰੀਨਗਰ ਵਿੱਚ ਵੀ ਆਈਟੀ ਟਾਵਰ ਸਥਾਪਿਤ ਕਰੇਗਾ।