ਵਿਦੇਸ਼, 14 ਅਕਤੂਬਰ 2025: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਪ੍ਰਤੀ ਦੁਸ਼ਮਣੀ ਭਰਿਆ ਦਾ ਮਾਹੌਲ ਹੈ। ਇਸਲਾਮਾਬਾਦ ਅਤੇ ਕਾਬੁਲ ਵਿਚਾਲੇ ਕਿਸੇ ਵੀ ਸਮੇਂ ਟਕਰਾਅ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਸਮੇਂ ਕੋਈ ਝੜੱਪਾਂ ਨਹੀਂ ਹੋ ਰਹੀਆਂ ਹਨ, ਪਰ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਠੰਢੇ ਹੋ ਗਏ ਹਨ।
ਜਿਕਰਯੋਗ ਹੈ ਕਿ 9 ਅਕਤੂਬਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਠਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਸਨ। ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਇਹ ਹਮਲੇ ਪਾਕਿਸਤਾਨ ਨੇ ਕੀਤੇ ਸਨ।
ਇਸਦੇ ਜਵਾਬ ‘ਚ ਅਫਗਾਨਿਸਤਾਨ ਨੇ 11 ਅਕਤੂਬਰ ਦੇਰ ਰਾਤ 25 ਪਾਕਿਸਤਾਨੀ ਫੌਜੀ ਚੌਕੀਆਂ ‘ਤੇ ਹਮਲਾ ਕੀਤਾ। ਸੋਮਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ ‘ਤੇ ਅਲਰਟ ‘ਤੇ ਰਹੀਆਂ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਯਾਤਰੀ ਆਵਾਜਾਈ ਮੁਅੱਤਲ ਰਹੀ।
ਅਫਗਾਨਿਸਤਾਨ ਨੇ ਦਾਅਵਾ ਕੀਤਾ ਕਿ ਉਸਦੀ ਫੌਜ ਨੇ ਸ਼ਨੀਵਾਰ ਰਾਤ (11 ਅਕਤੂਬਰ) ਨੂੰ ਪਾਕਿਸਤਾਨੀ ਸਰਹੱਦ ‘ਤੇ ਹੋਈ ਝੜੱਪ ‘ਚ 58 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ। ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਫਗਾਨ ਸੁਰੱਖਿਆ ਬਲਾਂ ਨੇ 25 ਪਾਕਿਸਤਾਨੀ ਫੌਜੀ ਚੌਕੀਆਂ ‘ਤੇ ਕਬਜ਼ਾ ਕਰ ਲਿਆ। ਇਸਦੇ ਜਵਾਬ ‘ਚ ਪਾਕਿਸਤਾਨੀ ਫੌਜ ਨੇ ਕਿਹਾ ਕਿ ਉਸਦੇ ਸਿਰਫ਼ 25 ਸੈਨਿਕ ਮਾਰੇ ਗਏ, ਜਦੋਂ ਕਿ ਉਨ੍ਹਾਂ ਨੇ 200 ਤਾਲਿਬਾਨ ਲੜਾਕਿਆਂ ਨੂੰ ਮਾਰਿਆ।
ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਡੁਰੰਡ ਲਾਈਨ ਵਿਵਾਦ
ਅਫਗਾਨਿਸਤਾਨ ਅਤੇ ਪਾਕਿਸਤਾਨ ਲੰਬੇ ਸਮੇਂ ਤੋਂ ਡੁਰੰਡ ਲਾਈਨ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਦੋਵੇਂ ਦੇਸ਼ ਇੱਕ ਦੂਜੇ ‘ਤੇ ਹਮਲਿਆਂ ਅਤੇ ਅੱ.ਤ.ਵਾ.ਦੀ.ਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦੇ ਹਨ। 2021 ‘ਚ ਤਾਲਿਬਾਨ ਦੁਆਰਾ ਅਫਗਾਨ ਸਰਕਾਰ ‘ਤੇ ਕਬਜ਼ਾ ਕਰਨ ਤੋਂ ਬਾਅਦ ਤਣਾਅ ਵਧ ਗਿਆ ਹੈ।
Read More: ਭਾਰਤ ਖ਼ਿਲਾਫ ਕਿਸੇ ਨੂੰ ਵੀ ਆਪਣੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ: ਅਫਗਾਨਿਸਤਾਨ