June 30, 2024 9:51 pm
Som Prakash

ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਹੋਵੇਗਾ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ: ਕੇਂਦਰੀ ਮੰਤਰੀ ਸੋਮ ਪ੍ਰਕਾਸ਼

ਹੁਸ਼ਿਆਰਪੁਰ, 08 ਜੁਲਾਈ 2023: ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਨੇ ਸਟੇਸ਼ਨਾਂ ਦੇ ਆਧੁਨੀਕਰਨ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਮ ਨਾਲ ਇਕ ਨਵੀਂ ਨੀਤੀ ਬਣਾਈ ਹੈ, ਜਿਸ ਵਿਚ ਮਲਟੀ ਮਾਡਲ ਏਕੀਕਰਨ, ਭਵਨ ਦੇ ਸੁਧਾਰ ਅਤੇ ਸਟੇਸ਼ਨਾਂ ਦੇ ਦੋਨਾਂ ਕਿਨਾਰਿਆਂ ਦੇ ਇਕੱਤਰੀਕਰਨ ਦੀ ਪ੍ਰੀਕਲਪਨਾ ਕੀਤੀ ਗਈ ਹੈ, ਤਾਂ ਜੋ ਰੇਲ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਅਰਾਮਦਾਇਕ ਯਾਤਰਾ ਦਾ ਅਨੁਭਵ ਹੋ ਸਕੇ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਵੀ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਡੀ.ਆਰ.ਐਮ ਫਿਰੋਜਪੁਰ ਮੰਡਲ ਸੀਮਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ, ਏ.ਡੀ.ਆਰ.ਐਮ ਬਲਬੀਰ ਸਿੰਘ, ਸੀਨੀਅਰ ਡੀ.ਸੀ.ਐਮ ਸ਼ੁਭਮ ਕੁਮਾਰ, ਸੀਨੀਅਰ ਡੀ.ਐਸ.ਸੀ ਆਰ.ਪੀ.ਐਫ ਰਜਨੀਸ਼ ਤ੍ਰਿਪਾਠੀ, ਸੀਨੀਅਰ ਡੀ.ਓ.ਐਮ. ਫਿਰੋਜਪੁਰ ਉਚਿਤ ਸਿੰਗਲ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁਨ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਕੇਂਦਰੀ ਰਾਜ ਮੰਤਰੀ ਨੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ ਉਚ ਪੱਧਰੀ ਪਲੇਟਫਾਰਮ, ਯਾਤਰੀ ਸੁਵਿਧਾ ਦੇ ਅਪਗਰੇਡੇਸ਼ਨ ‘ਤੇ 2.49 ਕਰੋੜ, 2.25 ਲੱਖ ਲੀਟਰ ਸਮਰੱਥਾ ਵਾਲੀ ਓਵਰਹੈਡ ਟੈਂਕ ਤੇ ਟਰੇਨਾਂ ਵਿਚ ਪਾਣੀ ਭਰਨ ਦੀ ਵਿਵਸਥਾ ’ਤੇ 2.49 ਕਰੋੜ, ਸਾਫ਼ਟ ਅਪਗਰੇਡੇਸ਼ਨ, ਸਟੇਸ਼ਨ ਬਿਲਡਿੰਗ ਦੇ ਪ੍ਰਵੇਸ਼ ਦੁਆਰ, ਪਲੇਟਫਾਰਮ ਸ਼ੈਲਟਰ, ਟੁਆਇਲਟ ਬਲਾਕ, ਦੂਜੇ ਪ੍ਰਵੇਸ਼ ਦੁਆਰ ’ਤੇ ਰਾਸ਼ਟਰੀ ਝੰਡਾ, ਉਚ ਪੱਧਰੀ ਪਲੇਟਫਾਰਮ ਦੇ ਨਿਰਮਾਣ ’ਤੇ 17.52 ਕਰੋੜ, 12 ਮੀਟਰ ਫੁੱਟ-ਓਵਰ-ਬ੍ਰਿਜ ਦਾ ਨਿਰਮਾਣ 8.03 ਕਰੋੜ, ਸਿਗਨਲਿੰਗ ਵਿਵਸਥਾ ਦਾ ਅਪਗਰੇਡੇਸ਼ਨ 30 ਕਰੋੜ ਅਤੇ ਜਲੰਧਰ ਸਿਟੀ-ਹੁਸ਼ਿਆਰਪੁਰ ਰੇਲ ਖੰਡ ਦਾ ਬਿਜਲੀਕਰਨ 20 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਰੂਫ ਪਲਾਜ਼ਾ ਦੇ ਨਾਲ ਫੁੱਟ-ਓਵਰ-ਬ੍ਰਿਜ, ਸੈਕਿੰਡ ਐਂਟਰੀ ਸਟੇਸ਼ਨ ਬਿਲਡਿੰਗ ਦੇ ਪਹੁੰਚ ਲਈ ਸੜਕਾਂ ਨੂੰ ਸ਼ਹਿਰ ਨਾਲ ਜੋੜਨਾ ਅਤੇ ਟਿਕਟ ਲਈ ਬੁਕਿੰਗ ਕਾਊਂਟਰਾ, ਵਾਤਾਅਨੁਕੂਲ ਵੇਟਿੰਗ ਹਾਲ, ਪਾਰਕਿੰਗ ਦੀ ਵਿਵਸਥਾ, ਬਿਹਤਰ ਟ੍ਰੈਫਿਕ ਆਵਾਜਾਈ ਲਈ ਸਰਕੂਲੇਟਿੰਗ ਏਰੀਏ ਦਾ ਵਿਸਥਾਰ, ਪਲੇਟਫਾਰਮ ਨੂੰ ਉਚ ਪੱਧਰੀ ਬਣਾਉਣਾ ਅਤੇ ਨਵੇਂ ਪਲੇਟਫਾਰਮ ਸ਼ੈਲਟਰ ਦੀ ਵਿਵਸਥਾ, ਦਿਵਆਂਗਜਨਾਂ ਲਈ ਸੁਵਿਧਾਵਾਂ, ਕਾਰਜਕਾਰੀ ਵੇਟਿੰਗ ਹਾਲ, ਨਵੇਂ ਪਖਾਨੇ ਦਾ ਨਿਰਮਾਣ, ਚੰਗੇ ਤਰ੍ਹਾਂ ਦੇ ਡਿਜ਼ਾਇਨ ਅਤੇ ਚੰਗੀ ਦਿੱਖ ਵਾਲੇ ਸਾਈਨ ਅਤੇ ਲਾਇੰਟਿੰਗ ਦਾ ਉਚਿਤ ਪ੍ਰਬੰਧ ਆਦਿ ਕਾਰਜ ਕੀਤੇ ਜਾਣਗੇ।

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੂਰਗਾਮੀ ਦ੍ਰਿਸ਼ਟੀਕੋਣ ਦੇ ਨਾਲ ਨਿਰੰਤਰ ਆਧਾਰ ’ਤੇ ਸਟੇਸ਼ਨਾਂ ਦੇ ਵਿਕਾਸ ਦੀ ਪ੍ਰੀਕਲਪਨਾ ਕਰਦੀ ਹੈ। ਇਸ ਵਿਚ ਸਟੇਸ਼ਨਾਂ ’ਤੇ ਸੁਵਿਧਾਵਾਂ ਵਿਚ ਸੁਧਾਰ ਲਈ ਮਾਸਟਰ ਪਲਾਨ ਤਿਆਰ ਕਰਨਾ ਪੜਾਵਾਂ ਵਿਚ ਉਨ੍ਹਾਂ ਦਾ ਕਾਰਜ ਸ਼ਾਮਲ ਹੈ, ਜਿਸ ਤਰ੍ਹਾਂ ਸਟੇਸ਼ਨਾਂ, ਸਰਕੂਲੇਟਿੰਗ ਏਰੀਆ, ਵੇਟਿੰਗ ਹਾਲ, ਪਖਾਨੇ, ਲਿਫਟ, ਅਸਕੇਲੇਟਰ, ਸਫ਼ਾਈ, ਮੁਫਤ ਵਾਈ-ਫਾਈ, ਕਿਊਸਕ, ਸਟਾਲ ਆਦਿ। ਇਸ ਯੋਜਨਾ ਵਿਚ ਹਰੇਕ ਸਟੇਸ਼ਨ ’ਤੇ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਦਿਵਆਂਗਜਨਾਂ ਦੀ ਸੁਵਿਧਾ, ਲੋੜ ਅਨੁਸਾਰ ਰੂਫ ਪਲਾਜ਼ਾ, ਬਿਹਤਰ ਯਾਤਰੀ ਸੂਚਨਾ ਪ੍ਰਣਾਲੀ, ਕਾਰਜਕਾਰੀ ਲਾਉਂਜ, ਬੈਂਕੁਇੰਟ ਹਾਲ ਆਦਿ ਦੀ ਵੀ ਪ੍ਰੀਕਲਪਨਾ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤ ਭਾਰਤ ਯੋਜਨਾ ਲਈ ਫਿਰੋਜਪੁਰ ਮੰਡਲ ਦੇ 18 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ, ਇਸ ਵਿਚ ਲੁਧਿਆਣਾ, ਜਲੰਧਰ ਕੈਂਟ, ਜੰਮੂ ਤਵੀ, ਫਗਵਾੜਾ, ਹੁਸ਼ਿਆਰਪੁਰ, ਫਿਰੋਜ਼ਪੁਰ ਕੈਂਟ, ਮੁਕਤਸਰ, ਫਾਜ਼ਿਲਕਾ, ਕੋਟਕਪੂਰਾ, ਢੰਡਾਰੀ ਕਲਾਂ, ਫਿਲੌਰ, ਮੋਗਾ, ਪਠਾਨਕੋਟ, ਗੁਰਦਾਸਪੁਰ, ਊਧਮਪੁਰ, ਬੈਜਨਾਥ ਪਪਰੋਲਾ, ਬੜਗਾਮ ਅਤੇ ਕਪੂਰਥਲਾ ਸਟੇਸ਼ਨ ਹਨ। ਇਨ੍ਹਾਂ ਸਟੇਸ਼ਨਾਂ ਦਾ ਅਪਗਰੇਡੇਸ਼ਨ ਕਰੀਬ 1133 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਆਸ, ਅੰਮ੍ਰਿਤਸਰ, ਜਲੰਧਰ ਸਿਟੀ, ਪਾਲਮਪੁਰ, ਪਠਾਨਕੋਟ ਕੈਂਟ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨਾਂ ’ਤੇ ਮਾਸਟਰ ਪਲਾਨ ਬਣਾਉਣ ਹਿੱਤ ਕੰਸਲਟੈਂਸੀ ਦਾ ਕਾਰਜ ਪ੍ਰਗਤੀ ਅਧੀਨ ਹੈ।