Hoshiarpur

ਹੁਸ਼ਿਆਰਪੁਰ: ਓਵਰਟੇਕ ਕਰਦੇ ਸਮੇਂ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਸਕੇ ਭਰਾਵਾਂ ਸਮੇਤ 3 ਜਣਿਆਂ ਦੀ ਮੌਤ

ਚੰਡੀਗੜ੍ਹ, 7 ਦਸੰਬਰ 2023: ਹੁਸ਼ਿਆਰਪੁਰ (Hoshiarpur)  ਜ਼ਿਲ੍ਹੇ ਵਿੱਚ ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਪਿੰਡ ਪਨਾਮ ਨੇੜੇ ਇੱਕ ਨਿੱਜੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਲਪੇਟ ‘ਚ ਆਉਣ ਨਾਲ ਦੋ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਗੜ੍ਹਸ਼ੰਕਰ ਵਾਲੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਿਸ ਵਿਚ ਮੋਟਰਸਾਈਕਲ ਸਵਾਰ ਜੋਗਿੰਦਰ ਕੁਮਾਰ ਉਰਫ਼ ਨੀਕੂ, ਰਮਨ ਕੁਮਾਰ ਉਰਫ਼ ਰੌਕੀ (ਦੋਵੇਂ ਸਕੇ ਭਰਾ) ਅਤੇ ਹੇਮ ਰਾਜ ਵਾਸੀ ਪੰਚਨੰਗਲਾਂ ਥਾਣਾ ਮਾਹਿਲਪੁਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਸੂਚਨਾ ਮਿਲਦੇ ਹੀ ਪੁਲਿਸ ਚੌਕੀ ਸਮੁੰਦੜਾ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਪ੍ਰੇਮ ਲਾਲ ਵਾਸੀ ਚੱਬੇਵਾਲ ਮੌਕੇ ਤੋਂ ਫ਼ਰਾਰ ਹੋ ਗਿਆ। ਡਰਾਈਵਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ। ਤਿੰਨੋਂ ਪੰਚਨੰਗਲਾਂ ਦੇ ਰਹਿਣ ਵਾਲੇ ਸਨ ਅਤੇ ਸਵੇਰੇ ਬਲਾਚੌਰ ਜਾ ਰਹੇ ਸਨ।

Scroll to Top