Horticulture

ਬਾਗਬਾਨੀ ਮੰਤਰੀ ਚੇਤਨ ਜੌੜਾਮਾਜਰਾ ਨੇ ਬਾਰਾਂਦਾਰੀ ‘ਚ ਅਮਲਤਾਸ ਤੇ ਗੁਲਮੋਹਰ ਦੇ 200 ਬੂਟੇ ਲਾਉਣ ਦੀ ਸ਼ੁਰੂਆਤ ਕਰਵਾਈ

ਪਟਿਆਲਾ, 19 ਅਕਤੂਬਰ 2023: ਪੰਜਾਬ ਦੇ ਬਾਗਬਾਨੀ (Horticulture), ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪਟਿਆਲਾ ਦੇ ਫੇਫੜਿਆਂ ਵਜੋਂ ਜਾਣੀ ਜਾਂਦੀ ਬਾਰਾਂਦਰੀ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਨੇ ਅੱਜ ਇੱਥੇ ਬਾਰਾਂਦਾਰੀ ਵਿੱਚ ਗੁਲਮੋਹਰ ਤੇ ਅਮਲਤਾਸ ਦੇ 200 ਬੂਟੇ ਲਗਾਉਣ ਦੀ ਸ਼ੁਰੂਆਤ ਸਰਕਟ ਹਾਊਸ ਨੇੜੇ ਸਥਿਤ ਤਿਕੋਣੇ ਪਾਰਕ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨਾਲ ਬੂਟੇ ਲਗਾ ਕੇ ਕਰਵਾਈ।

ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਸਨੀਕ ਵੱਡੀ ਗਿਣਤੀ ਵਿੱਚ ਸਵੇਰੇ ਸ਼ਾਮ ਬਾਰਾਂਦਰੀ ਵਿਖੇ ਸੈਰ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਖਾਸ ਯੋਜਨਾ ਉਲੀਕੀ ਹੈ, ਉਸੇ ਤਹਿਤ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸਲਾਹ ਨਾਲ ਬਾਰਾਂਦਰੀ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਇਸ ਮੌਕੇ ਬਾਗਬਾਨੀ (Horticulture) ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਮਾਨ ਨੂੰ ਹਦਾਹਿਤ ਕੀਤੀ ਕਿ ਬਾਰਾਂਦਰੀ ਵਿੱਚ ਹੋਰ ਨਵੇਂ ਬੂਟੇ ਲਗਾਏ ਜਾਣ ਅਤੇ ਪੁਰਾਣਿਆਂ ਦੀ ਸੰਭਾਲ ਵੀ ਨਾਲੋ-ਨਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਬਾਰਾਂਦਰੀ ਦੀ ਸਾਫ-ਸਫ਼ਾਈ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ।

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਵਾਸੀਆਂ ਲਈ ਬਾਰਾਂਦਰੀ ਬਾਗ ਇੱਕ ਵਿਸ਼ੇਸ਼ ਸੈਰਗਾਹ ਹੈ ਅਤੇ ਇਸਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਸ਼ਲਾਘਾਯੋਗ ਹਨ। ਉਨ੍ਹਾਂ ਨੇ ਚੇਤਨ ਸਿੰਘ ਜੌੜਾਮਾਜਰਾ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਹਿਲਾ ਪ੍ਰਧਾਨ ਵੀਰਪਾਲ ਕੌਰ, ਸਹਾਇਕ ਕਮਿਸ਼ਨਰ (ਜ) ਮਨਪ੍ਰੀਤ ਕੌਰ, ਸਹਾਇਕ ਡਾਇਰਕੈਟਰ ਬਾਗਬਾਨੀ ਸੰਦੀਪ ਗਰੇਵਾਲ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਹਰਿੰਦਰਪਾਲ ਸਿੰਘ, ਦਿਲਪ੍ਰੀਤ ਸਿੰਘ, ਨਵਨੀਤ ਕੌਰ, ਸਿਮਰਨਜੀਤ ਕੌਰ, ਹਰਸ਼ਪਾਲ ਸਿੰਘ ਰਾਹੁਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

Scroll to Top