ARREST

3ਬੀ2 ਮਾਰਕੀਟ ਪਾਰਕਿੰਗ ‘ਚ ਗੁੰਡਾਗਰਦੀ: ਝਗੜੇ ‘ਚ ਸ਼ਾਮਲ 11 ਨੌਜਵਾਨ ਨੂੰ ਇਹਤਿਆਤ ਵਜੋਂ ਹਿਰਾਸਤ ‘ਚ ਲਿਆ

ਐਸ.ਏ.ਐਸ.ਨਗਰ, 20 ਅਗਸਤ, 2023: ਐਸ ਐਸ ਪੀ ਡਾ. ਸੰਦੀਪ ਗਰਗ ਨੇ ਅੱਜ ਸ਼ਾਮ ਇੱਥੇ ਦੱਸਿਆ ਕਿ ਮੁਹਾਲੀ ਦੀ 3ਬੀ2 ਮਾਰਕੀਟ ਪਾਰਕਿੰਗ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਨੇ ਹੁਣ ਤੱਕ 11 ਨੌਜਵਾਨਾਂ ਨੂੰ ਇਹਤਿਆਤੀ ਹਿਰਾਸਤ ਵਿੱਚ ਲਿਆ ਹੈ।

ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਡਾ. ਗਰਗ ਨੇ ਕਿਹਾ ਕਿ ਪੁਲਿਸ ਦੁਆਰਾ ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਅਣਸੁਖਾਵਾਂ ਮਾਹੌਲ ਬਣਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਕਿਉਂਕਿ ਉਹ ਇੱਕ ਦੂਜੇ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮਾਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਸਮੇਂ ਸਿਰ ਮੌਕੇ ‘ਤੇ ਪੁੱਜਣ ਦੇ ਨਾਲ-ਨਾਲ ਉਨ੍ਹਾਂ ‘ਚੋਂ 11 ਵਿਅਕਤੀਆਂ ਨੂੰ ਰਾਊਂਡਅਪ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਕਿਉਂ ਕਿ ਮਾਮਲਾ ਜਾਂਚ ਅਧੀਨ ਹੈ ਅਤੇ ਗੜਬੜੀ ਵਿੱਚ ਸ਼ਾਮਲ ਨੌਜਵਾਨ ਜ਼ਿਆਦਾਤਰ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀ ਹਨ, ਇਸ ਲਈ ਅਸੀਂ ਉਨ੍ਹਾਂ ਦੇ ਭਵਿੱਖ ਦਾ ਵੀ ਧਿਆਨ ਰੱਖ ਰਹੇ ਹਾਂ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਨਾਲ, ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਸਥਿਤੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਐਸ ਐਸ ਪੀ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਜਨਤਕ ਥਾਵਾਂ ‘ਤੇ ਅਜਿਹੀ ਘਟਨਾ ਨੂੰ ਦੁਹਰਾਉਣ ਦੀ ਹਿੰਮਤ ਨਾ ਕਰੇ।

Scroll to Top