June 26, 2024 6:01 am
Jaspal Singh

ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ

ਸੁਲਤਾਨਪੁਰ ਲੋਧੀ, 23 ਨਵੰਬਰ 2023: ਸਥਾਨਕ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਤੜਕਸਾਰ ਹੋਈ ਘਟਨਾ ਦੌਰਾਨ ਸ਼ਹੀਦ ਹੋਏ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ (Jaspal Singh) (50) ਦਾ ਅੱਜ ਉਨ੍ਹਾਂ ਦੇ ਪਿੰਡ ਮਨਿਆਲਾ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ, ਡੀ.ਆਈ.ਜੀ. ਐਸ.ਭੂਪਤੀ, ਡੀ.ਆਈ.ਜੀ. ਰਾਜਪਾਲ ਸਿੰਘ ਸੰਧੂ,ਡੀ.ਆਈ.ਜੀ. ਚਰਨਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਅਤੇ ਹੋਰਨਾਂ ਅਧਿਕਾਰੀਆਂ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਪੈਸ਼ਲ ਡੀ.ਜੀ.ਪੀ. ਅਤੇ ਹੋਰਨਾਂ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।

Jaspal Singh

ਅਰਪਿਤ ਸ਼ੁਕਲਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਪਰਿਵਾਰ ਦੀ ਹਰ ਸੰਭਵ ਮਦਦ ਲਈ ਤਤਪਰ ਰਹੇਗੀ। ਅੰਤਿਮ ਸਸਕਾਰ ਉਪਰੰਤ ਸਪੈਸ਼ਲ ਡੀ.ਜੀ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਿਵਾਰ ਦੀ ਵਿੱਤੀ ਮੱਦਦ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਜਸਪਾਲ ਸਿੰਘ ਦੇ ਇਕ ਪੁੱਤਰ ਨੂੰ ਪੰਜਾਬ ਪੁਲਿਸ ਵਿਚ ਨੌਕਰੀ ਦਿੱਤੀ ਜਾਵੇਗੀ ਅਤੇ ਦੂਸਰੇ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਇਕ ਸਵਾਲ ਦੇ ਜਵਾਬ ਵਿਚ ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 3 ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਜਾਰੀ | ਸ਼ਹੀਦ ਜਸਪਾਲ ਸਿੰਘ (Jaspal Singh) ਆਪਣੇ ਪਿੱਛੇ ਆਪਣੀ ਪਤਨੀ ਕਮਲੇਸ਼ ਅਤੇ ਦੋ ਪੁੱਤਰ ਗੁਰਪ੍ਰੀਤ ਅਤੇ ਵਿਸ਼ਾਲ ਛੱਡ ਗਏ ਹਨ।