ਪੰਜਾਬ, 26 ਅਗਸਤ 2025: ਪੰਜਾਬ ਸਰਕਾਰ ਨੇ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ‘ਚ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਕੁਝ ਹੋਰ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਚੱਲਦੇ ਪੰਜਾਬ ਦੇ ਸਾਰੇ ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ, ਪ੍ਰਾਇਮਰੀ ਅਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ 2025 ਤੱਕ ਬੰਦ ਰੱਖੇ ਜਾਣਗੇ |
ਜਿਕਰਯੋਗ ਹੈ ਕਿ ਮੌਸਮ ਵਿਭਾਗ, ਚੰਡੀਗੜ੍ਹ ਨੇ 5 ਜ਼ਿਲ੍ਹਿਆਂ ਪਠਾਨਕੋਟ, ਸੰਗਰੂਰ ਗੁਰਦਾਸਪੁਰ, ਬਰਨਾਲਾ ਅਤੇ ਮਾਨਸਾ ‘ਚ ਮੀਂਹ ਲਈ ਰੇਲ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ ਆ ਗਏ ਹਨ। ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ।
ਬਿਆਸ ਦਰਿਆ ‘ਤੇ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਡਿੱਗਣ ਕਾਰਨ ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤਾ ਹੈ। ਇਸ ਨਾਲ 90 ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਕੁਝ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ।
ਇਸਦੇ ਨਾਲ ਹੀ ਪਠਾਨਕੋਟ ਦੇ ਕਜਲਾ ਪਿੰਡ ਤੋਂ ਧਰੁਵ ਹੈਲੀਕਾਪਟਰ ਰਾਹੀਂ 6 ਜਣਿਆਂ ਨੂੰ ਬਚਾਇਆ ਗਿਆ ਹੈ। ਰਾਵੀ ਦਰਿਆ ‘ਚ ਹੜ੍ਹ ਕਾਰਨ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਕੱਢਣ ਲਈ ਐਨਡੀਆਰਐਫ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਇਸਦੇ ਨਾਲ ਹੀ ਭਾਰਤੀ ਫੌਜ ਨੂੰ ਬੁਲਾਉਣਾ ਪਿਆ ਹੈ | ਹੁਣ ਭਾਰਤੀ ਫ਼ੌਜ ਦੇ ਜਵਾਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮੋਰਚਾ ਸਾਂਭ ਲਿਆ ਹੈ|
Read More: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਤਲੁਜ਼ ਦਰਿਆ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ