ਚੰਡੀਗੜ੍ਹ, 21 ਜਨਵਰੀ 2023: (Hockey WC) ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਅਤੇ ਰੁੜਕੇਲਾ ਵਿੱਚ ਖੇਡੇ ਜਾ ਰਹੇ 15ਵੇਂ ਹਾਕੀ ਵਿਸ਼ਵ ਕੱਪ ਵਿੱਚ ਗਰੁੱਪ ਰਾਊਂਡ ਦੇ ਮੈਚ ਸਮਾਪਤ ਹੋ ਗਏ ਹਨ। ਕੁੱਲ 16 ਟੀਮਾਂ ਵਿੱਚੋਂ ਚਾਰ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਚਾਰ ਨੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਅਤੇ ਅੱਠ ਟੀਮਾਂ ਰਾਊਂਡ ਵਿੱਚ ਰਹਿ ਗਈਆਂ ਹਨ। ਇਹ ਅੱਠ ਟੀਮਾਂ ਹੁਣ ਕਰਾਸਓਵਰ ਰਾਊਂਡ ਵਿੱਚ ਖੇਡਣਗੀਆਂ। ਇੱਥੋਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਜਾਣਗੀਆਂ ਅਤੇ ਚਾਰ ਬਾਹਰ ਹੋ ਜਾਣਗੀਆਂ।
ਹਰੇਕ ਗਰੁੱਪ ਵਿੱਚੋਂ ਦੂਜੇ ਅਤੇ ਤੀਜੇ ਸਥਾਨ ਦੀਆਂ ਟੀਮਾਂ ਕ੍ਰਾਸਓਵਰ ਰਾਊਂਡ ਵਿੱਚ ਅੱਗੇ ਵਧੀਆਂ ਹਨ । ਪੂਲ ਏ ਵਿੱਚੋਂ ਅਰਜਨਟੀਨਾ ਅਤੇ ਫਰਾਂਸ, ਪੂਲ ਬੀ ਵਿੱਚੋਂ ਜਰਮਨੀ ਅਤੇ ਦੱਖਣੀ ਕੋਰੀਆ, ਪੂਲ ਸੀ ਵਿੱਚੋਂ ਮਲੇਸ਼ੀਆ ਅਤੇ ਨਿਊਜ਼ੀਲੈਂਡ, ਪੂਲ ਡੀ ਵਿੱਚੋਂ ਭਾਰਤ ਅਤੇ ਸਪੇਨ ਨੇ ਕਰਾਸਓਵਰ ਵਿੱਚ ਥਾਂ ਬਣਾਈ ਹੈ।
ਭਾਰਤੀ ਟੀਮ ਗਰੁੱਪ ਸੀ ‘ਚ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਿਊਜ਼ੀਲੈਂਡ ਨਾਲ ਖੇਡੇਗੀ। ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਵਿੱਚ ਹਾਰ ਮਿਲੀ ਸੀ। ਭਾਰਤ ਨੇ ਆਖਰੀ ਵਾਰ 2010 ਵਿੱਚ ਕੁਆਰਟਰ ਫਾਈਨਲ ਖੇਡਿਆ ਸੀ। ਉਸ ਦੀ ਨਜ਼ਰ 13 ਸਾਲ ਬਾਅਦ ਆਖਰੀ-8 ‘ਚ ਪਹੁੰਚਣ ‘ਤੇ ਹੋਵੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਸਓਵਰ ਮੈਚ ਐਤਵਾਰ (22 ਜਨਵਰੀ) ਨੂੰ ਹੋਵੇਗਾ। ਇਹ ਮੈਚ ਸ਼ਾਮ 7 ਵਜੇ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡਿਆ ਜਾਵੇਗਾ।