International Yoga Day 2025: ਇਸ ਸਾਲ ਦੁਨੀਆ ਆਪਣਾ ਗਿਆਰਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੀ ਹੈ। ਇਹ ਖਾਸ ਦਿਨ ਹਰ ਸਾਲ ਲੋਕਾਂ ‘ਚ ਯੋਗ ਦੀ ਜਰੂਰਤ ਅਤੇ ਉਸਦੇ ਫਾਇਦੇ ਬਾਰੇ ਲੋਕਾਂ ‘ਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਯੋਗ ਦਿਵਸ ਵਾਲੇ ਦਿਨ ਥਾਂ-ਥਾਂ ਤੇ ਯੋਗ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ‘ਚ ਹਿੱਸਾ ਲੈ ਸਕਣ।
ਅੰਤਰਰਾਸ਼ਟਰੀ ਯੋਗ ਦਿਵਸ ਦਾ ਇਤਿਹਾਸ
ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਹੈ “ਵਨ ਅਰਥ-ਵਨ ਹੈਲਥ”। ਯੋਗ ਦਿਵਸ ਮਹੱਤਵਪੂਰਨ ਕਿਉਂ ਹੈ – 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਫੈਸਲਾ ਲਿਆ | ਜਿਸ ਦਾ ਮਕਸਦ ਲੋਕਾਂ ‘ਚ ਯੋਗ ਦੇ ਅਭਿਆਸ ਅਤੇ ਫਾਇਦਿਆਂ ਬਾਰੇ ਪੂਰੀ ਦੁਨੀਆ ਭਰ ਨੂੰ ਜਾਗਰੂਕ ਕਰਨਾ ਸੀ। ਇਸ ਸਮੇਂ 193 ‘ਚੋਂ 192 ਦੇਸ਼ ਅੰਤਰ ਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਨ।
ਭਾਰਤ ਯੋਗ ਦਾ ਜਨਮ ਦਾਤਾ
ਭਾਰਤ ਨੂੰ ਯੋਗ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ, ਯੋਗ ਦਾ ਇਤਿਹਾਸ 50 ਹਜ਼ਾਰ ਸਾਲ ਪੁਰਾਣਾ ਹੈ | ਯੋਗ ਦਾ ਵਿਕਾਸ ਸਿੰਧੂ ਸੱਭਿਅਤਾ ‘ਚ ਹੋਇਆ। ਮਹਾਰਿਸ਼ੀ ਪਤੰਜਲੀ ਨੂੰ ਯੋਗ ਦਾ ਪਿਤਾ ਕਿਹਾ ਜਾਂਦਾ ਹੈ, ਜਿੰਨਾ ਨੇ ਯੋਗ ਦਰਸ਼ਨ ਨੂੰ ਗ੍ਰੰਥ ਰੂਪ ‘ਚ ਵਿਸਥਾਰ ਨਾਲ ਪੇਸ਼ ਕੀਤਾ। ਯੋਗ ਸ਼ਬਦ ਸੰਸਕ੍ਰਿਤ ਦੇ “ਯੁਜ” ਸ਼ਬਦ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਜੁੜਨਾ ਜਾਂ ਮਿਲਣਾ।
ਯੋਗ ਰਾਹੀਂ ਸਰੀਰ ਅਤੇ ਮਨ ਦਾ ਸੰਯੋਗ ਹੁੰਦਾ ਹੈ ਅਤੇ ਸਰੀਰ ਅਤੇ ਮਨ ਵਿਚਕਾਰ ਸੰਤੁਲਨ ਬਣਾ ਕੇ ਰੱਖਣ ‘ਚ ਮੱਦਦ ਮਿਲਦੀ ਹੈ। ਯੋਗ ਦੇ ਅੱਠ ਅੰਗ ਹਨ, ਜਿਨ੍ਹਾਂ ‘ਚ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ ਸ਼ਾਮਲ ਹੈ। ਇਹ ਸਾਰੇ ਇੱਕ ਦੂਜੇ ਨੂੰ ਜੋੜਦੇ ਹਨ ਅਤੇ ਇੱਕ ਦੂਜੇ ਨੂੰ ਪੂਰਾ ਕਰਦੇ ਹਨ।
ਯੋਗ ਦੇ ਲਾਭ
ਯੋਗ ਇਕ ਅਭਿਆਸ ਹੈ, ਜਿਸ ‘ਚ ਵਿਅਕਤੀ ਸ਼ਰੀਰਿਕ, ਮਾਨਸਿਕ ਅਤੇ ਅਧਿਆਤਮਕ ਰੂਪ ‘ਚ ਸਿਹਤਮੰਦ ਬਣਿਆ ਰਹਿ ਸਕਦਾ ਹੈ। ਯੋਗ ਨਾਲ ਸਰੀਰ ਲਚਕੀਲਾ, ਮਜਬੂਤ, ਸਥਿਰ ਅਤੇ ਤਣਾਅ ਮੁਕਤ ਬਣਿਆ ਰਹਿੰਦਾ ਹੈ। ਸਕੂਲ ਜਾਂ ਕਾਲਜ ਦੇ ਬੱਚਿਆਂ ਲਈ ਯੋਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਯੋਗ ਆਸਨ ਕਰਨ ਨਾਲ ਇਕਾਗਰਤਾ ‘ਚ ਵਾਧਾ ਹੁੰਦਾ ਹੈ, ਜਲਦੀ ਫੈਸਲੇ ਲੈਣ ਵਿੱਚ ਸਹਾਇਕ, ਤਣਾਅ ਅਤੇ ਚਿੰਤਾ ਨੂੰ ਘਟਾਉਂਦਾ ਹੈ, ਜਜਬਾਤਾਂ ਉੱਤੇ ਕਾਬੂ ਪਾਉਣ ‘ਚ ਵੀ ਮੱਦਦ ਮਿਲਦੀ ਹੈ ।
ਅਨੁਸ਼ਾਸਨ ਦੇ ਨਾਲ -ਨਾਲ ਸਹਿਨ ਸ਼ਕਤੀ ‘ਚ ਵੀ ਵਾਧਾ ਹੁੰਦਾ ਹੈ ਅਤੇ ਬੱਚੇ ਆਪਣੀ ਪੜ੍ਹਾਈ ਉੱਤੇ ਫੋਕਸ ਕਰਨ ‘ਚ ਸਹਾਇਕ ਹੁੰਦੇ ਹਨ। ਯੋਗ ਕਰਨ ਨਾਲ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਗਹਿਰੀ ਨੀਂਦ ਆਉਣ ‘ਚ ਸਹਾਇਕ ਹੁੰਦਾ ਹੈ। ਅੱਜ ਕੱਲ ਯੋਗ ਦੀ ਜਰੂਰਤ ਪਹਿਲਾਂ ਨਾਲੋਂ ਜਿਆਦਾ ਹੋ ਗਈ ਹੈ ਕਿਉਂਕਿ ਇਹ ਸ਼ਰੀਰਕ ,ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਸਾਨੂੰ ਸਿਹਤਮੰਦ ਬਣਾਉਂਦਾ ਹੈ ਆਧੁਨਿਕ ਜੀਵਨ ਸ਼ੈਲੀ ‘ਚ ਯੋਗ ਇੱਕ ਸ਼ਕਤੀਸ਼ਾਲੀ ਸਾਧਨ ਹੈ ਜੋ ਸਾਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ‘ਚ ਮੱਦਦ ਕਰਦਾ ਹੈ।
ਅਲੱਗ-ਅਲੱਗ ਉਮਰ ਵਰਗ ਦੇ ਲੋਕਾਂ ਲਈ ਯੋਗ ਅਭਿਆਸ
ਯੋਗ ਦਾ ਅਭਿਆਸ ਅਲੱਗ-ਅਲੱਗ ਉਮਰ ਵਰਗ ਦੇ ਲੋਕ ਆਪਣੀ ਸ਼ਰੀਰਿਕ ਸ਼ਕਤੀ ਦੇ ਅਨੁਸਾਰ ਕੀਤਾ ਜਾ ਸਕਦਾ ਹੈ । ਯੋਗ ਕਰਨ ਲਈ ਤੁਹਾਨੂੰ ਕਿਸੇ ਖਾਸ ਜਗ੍ਹਾ ‘ਤੇ ਜਾਣ ਦੀ ਵੀ ਜਰੂਰਤ ਨਹੀਂ ਹੈ ਯੋਗ ਦੇ ਆਸਨ ਤੁਸੀਂ ਆਪਣੇ ਘਰ ਵਿੱਚ ਜਾਂ ਛੱਤ ਉੱਤੇ ਵੀ ਕਰ ਸਕਦੇ ਹੋ।
ਰੋਜਾਨਾ ਜੇਕਰ ਤੁਸੀਂ ਅੱਧਾ ਘੰਟਾ ਵੀ ਯੋਗ ਕਰ ਲੈਂਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਸਰੀਰ ਦੀ ਹਲਕੀ ਕਸਰਤ ਹੋ ਜਾਂਦੀ ਹੈ। ਅੱਧੇ ਘੰਟੇ ਤੋਂ ਵੱਧ ਜਾਂ ਫਿਰ ਆਪਣੀ ਸ਼ਰੀਰਿਕ ਸ਼ਕਤੀ ਤੋਂ ਜਿਆਦਾ ਯੋਗ ਨਹੀਂ ਕਰਨਾ ਚਾਹੀਦਾ | ਇਸ ਨਾਲ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦੇ ਹਨ । ਯੋਗ ਜਿਆਦਾਤਰ ਸਵੇਰੇ ਖਾਲੀ ਪੇਟ ਹੀ ਕਰਨੇ ਚਾਹੀਦੇ ਹਨ ਅਤੇ ਯੋਗ ਕਰਨ ਤੋਂ ਅੱਧੇ ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।
ਯੋਗਾ ਕਰਨ ਦਾ ਸਹੀ ਤਰੀਕਾ
ਯੋਗ ਕਰਨ ਵੇਲੇ ਖੁੱਲ੍ਹੇ ਅਤੇ ਆਰਾਮ ਦਾਇਕ ਕੱਪੜੇ ਪਹਿਨ ਕੇ ਹੀ ਯੋਗ ਕਰੋ। ਜੇਕਰ ਕੋਈ ਗੰਭੀਰ ਬਿਮਾਰੀ ਹੈ ਜਾਂ ਥੱਕੇ ਹੋਵੋ ਜਾਂ ਕੋਈ ਆਪਰੇਸ਼ਨ ਹੋਇਆ ਹੋਵੇ ਅਤੇ ਮਹਾਵਾਰੀ ਆਈ ਹੋਵੇ ਉਸ ਸਮੇਂ ਯੋਗ ਕਰਨ ਤੋਂ ਗੁਰੇਜ ਕਰੋ। ਜੇਕਰ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਕਿਸੇ ਯੋਗ ਦੇ ਅਧਿਆਪਕ ਤੋਂ ਸਲਾਹ ਮਸ਼ਵਰਾ ਕਰ ਕੇ ਕੁਝ ਕੂ ਹਲਕੇ ਯੋਗ ਆਸਨ ਕਰ ਸਕਦੇ ਹੋ ।
ਯੋਗ ਨਾਲ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ
ਯੋਗ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਮਾਨਸਿਕ ਬਿਮਾਰੀਆਂ ਜਿੰਨਾ ‘ਚ ਤਣਾਅ, ਚਿੰਤਾ ਅਤੇ ਭੁੱਲਣ ਦੀ ਸਮੱਸਿਆ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ‘ਚ ਵੀ ਯੋਗ ਆਸਨ ਸਹਾਇਕ ਹੁੰਦੇ ਹਨ। ਦਮਾ ਅਤੇ ਸਾਂਹ ਦੀਆਂ ਬਿਮਾਰੀਆਂ ‘ਚ ਯੋਗ ਬਹੁਤ ਹੀ ਲਾਭਦਾਇਕ ਹੁੰਦਾ ਹੈ, ਜੋੜਾਂ ਦੇ ਦਰਦ ਅਤੇ ਪਾਚਨ ਸਬੰਧੀ ਬਿਮਾਰੀਆਂ ‘ਚ ਵੀ ਯੋਗ ਆਸਨ ਲਾਭਦਾਇਕ ਹਨ । ਰੋਜਾਨਾ ਯੋਗ ਕਰਨਾ ਸਿਹਤਮੰਦ ਰਹਿਣ ਵੱਲ ਇੱਕ ਹੋਰ ਕਦਮ ਹੈ
ਡਾਕਟਰ ਵਰਿੰਦਰ ਕੁਮਾਰ
ਸੁਨਾਮ ਉੱਧਮ ਸਿੰਘ ਵਾਲਾ
99149-05353
Read More: ਹਰਿਆਣਾ ‘ਚ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮਾਂ ‘ਚ 11 ਲੱਖ ਤੋਂ ਵੱਧ ਲੋਕ ਲੈਣਗੇ ਹਿੱਸਾ