ਸ੍ਰੀ ਫਤਹਿਗੜ੍ਹ ਸਾਹਿਬ ਪੰਜਾਬ ਦਾ ਇਤਿਹਾਸਿਕ ਸਥਾਨ ਹੈ, ਸਿੱਖ ਧਰਮ ‘ਚ ਸ੍ਰੀ ਫਤਹਿਗੜ੍ਹ ਸਾਹਿਬ ਸ਼ਹਿਰ ਬਹੁਤ ਮਹੱਤਵ ਰੱਖਦਾ ਹੈ | ਇੱਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਸਰਹਿੰਦ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ, ਅੰਮ੍ਰਿਤਸਰ-ਦਿੱਲੀ ਜੀਟੀ ਰੋਡ ਸਰਹਿੰਦ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਫਤਹਿਗੜ੍ਹ ਸਾਹਿਬ ਰੋਪੜ ਸੜਕ ‘ਤੇ ਸਥਿਤ ਹੈ |
ਗੁਰਦੁਆਰਾ ਫਤਹਿਗੜ੍ਹ ਸਾਹਿਬ ਦਾ ਇਤਿਹਾਸ (History of Gurdwara Sri Fatehgarh Sahib)
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਛੱਡ ਚੱਲੇ ਤਾਂ ਪੋਹ ਮਹੀਨਾ ਅਤੇ ਤੇਜ਼ ਮੀਂਹ, ਬਰਸਾਤੀ ਹਨ੍ਹੇਰੀ ਰਾਤ ‘ਚ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਗੰਗੂ ਬ੍ਰਾਹਮਣ ਇਸ ਹਨ੍ਹੇਰੀ ਰਾਤ ਸਮੇਂ ਆਪਣੇ ਪਿੰਡ ਖੇੜੀ ‘ਚ ਲੈ ਗਿਆ ਸੀ।
ਦੱਸਿਆ ਜਾਂਦੇ ਕਿ ਪਾਪੀ ਨੇ ਕੁੱਝ ਸਾਮਾਨ ਚੋਰੀ ਕਰ ਲਿਆ ਤੇ ਰਾਤੋ ਰਾਤ ਮੁਰੰਡੇ ਜਿਸ ਦਾ ਨਾਂ ਪ੍ਰਸਿੱਧ ਬਾਗਾਂ ਵਾਲਾ ਹੈ, ਇੱਥੇ ਪਹੁੰਚਾ ਅਤੇ ਜਾਨੀ ਖਾਨ, ਮਾਨੀ ਖਾਨ ਪਠਾਣਾਂ ਨੂੰ ਜਾ ਦੱਸਿਆ ਅਤੇ ਨਾਲ ਲੈ ਕੇ ਖੇੜੀ ਪਹੁੰਚ ਗਿਆ। ਜਿੱਥੇ ਸਾਹਿਬਜ਼ਾਦਿਆਂ ਨੂੰ ਫੜਵਾ ਦਿੱਤਾ ਗਿਆ। ਸ੍ਰੀ ਮਾਤਾ ਗੁਜਰੀ ਸਾਹਿਬ ਜੀ ਦੇ ਸਮੇਤ ਪਠਾਣ ਸਾਹਿਬਜਾਦਿਆਂ ਨੂੰ ਲੈ ਕੇ ਮੁਰੰਡੇ ਪਹੁੰਚੇ ਅਤੇ ਗੰਗੂ ਨੂੰ 200 ਰੁਪਏ ਦਾ ਇਨਾਮ ਦੇ ਕੇ ਮੋੜ ਦਿੱਤਾ ਗਿਆ |ਸਾਹਿਬਜ਼ਾਦਿਆਂ ਨੂੰ ਇਕ ਰਾਤ ਇਥੇ ਰੱਖਿਆ ਗਿਆ ਅਤੇ ਅਗਲੇ ਦਿਨ ਸਵੇਰੇ ਹੀ ਬੈਲ ਗੱਡੀ ਰਾਹੀਂ ਮਾਤਾ ਜੀ ਨਾਲ ਸਰਹਿੰਦ ਲੈ ਆਏ।
ਇਸ ਦੌਰਾਨ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨਾਲ ਰਾਤ ਨੂੰ ਸ਼ਾਹੀ ਕਿਲ੍ਹੇ ਦੇ ਠੰਡੇ ਬੁਰਜ ‘ਚ ਰੱਖਿਆ ਗਿਆ। ਇਸ ਦੌਰਾਨ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਸਾਖੀਆਂ ਅਤੇ ਪਾਠ ਹੀ ਸੁਣਾਉਂਦੇ ਰਹੇ। ਸਰਦੀਆਂ ਦੀ ਰੁੱਤ ‘ਚ ਠੰਡੇ ਬੁਰਜ ਦੀ ਕੈਦ ਦੌਰਾਨ ਵਜ਼ੀਰ ਖਾਨ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਸ਼ਰਧਾਵਾਨ ਸਰਹਿੰਦ ਨਿਵਾਸੀ ਮੋਤੀਰਾਮ ਮਹਿਰਾ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆ ਕੇ ਸਹਾਇਤਾ ਅਤੇ ਸੇਵਾ ਕਰਦਾ ਰਿਹਾ। ਜਿਸ ਕਾਰਨ ਮੋਤੀਰਾਮ ਮਹਿਰਾ ਦੇ ਸਾਰੇ ਪਰਿਵਾਰ ਨੂੰ ਜ਼ਾਲਮ ਵਜ਼ੀਰ ਖਾਨ ਨੇ ਕੋਹਲੂ ‘ਚ ਪੀੜ ਕੇ ਮੌਤ ਦੀ ਸਜ਼ਾ ਦੇ ਦਿੱਤੀ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦਾ ੧੯੦੦ ਈ. ਦਾ ਚਿੱਤਰ (Image Credi: ਗੁਰਦੁਆਰਾ ਪੀਡੀਆ)
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਦੂਜੇ ਦਿਨ ਸਵੇਰੇ 25 ਦਸੰਬਰ 1704 ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ‘ਚ ਪੇਸ਼ ਕੀਤਾ। ਨਵਾਬ ਅਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਬਹੁਤ ਸਾਰੇ ਲਾਲਚ ਦਿੱਤੇ।ਇਸਦੇ ਨਾਲ ਹੀ ਵਜ਼ੀਰ ਸੁੱਚਾ ਨੰਦ ਨੇ ਵੀ ਸਾਹਿਬਜ਼ਾਦਿਆਂ ਨੂੰ ਡਰਾਉਣ ਦੇ ਕਈਂ ਜਤਨ ਕੀਤੇ, ਪਰ ਪੌਣੇ 8 ਅਤੇ ਪੌਣੇ 6 ਸਾਲਾਂ ਦੇ ਦੋਵੇਂ ਸਾਹਿਬਜ਼ਾਦੇ ਆਪਣੇ ਬਚਨ ‘ਤੇ ਅਟੱਲ ਰਹੇ।
ਦੋਵੇਂ ਸਾਹਿਬਜ਼ਾਦਿਆਂ ਦੀ ਇਸੇ ਤਰ੍ਹਾਂ ਤਿੰਨ ਦਿਨ ਲਗਾਤਾਰ ਨਵਾਬ ਦੀ ਕਚਹਿਰੀ ‘ਚ ਪੇਸ਼ੀਆਂ ਹੁੰਦੀਆਂ ਰਹੀਆਂ। ਪਰ ਨਵਾਬ ਵਜ਼ੀਰ ਖਾਨ ਦੇ ਸਾਰੇ ਜਤਨ ਅਸਫਲ ਰਹੇ | ਮਾਸੂਮ ਸਾਹਿਬਜ਼ਾਦਿਆਂ ਨੇ ਆਪਣਾ ਸਿੱਖੀ ਆਦਰਸ਼ ਨਹੀਂ ਛੱਡਿਆ | ਇਸ ਦੌਰਾਨ ਦੀਵਾਨ ਸੁੱਚਾ ਨੰਦ ਨੇ ਕਿਹਾ ਕਿ ‘ ਇਨ੍ਹਾਂ ਨੂੰ ਨਿੱਕੇ ਬਾਲਕ ਨਾ ਜਾਣੇ, ਇਹ ਜਮਾਂਦਰੂ ਹੀ ਲੜਾਕੇ ਹਨ।
ਸੁੱਚਾ ਨੰਦ ਨੇ ਸੁਝਾਅ ਦਿੱਤਾ ਕਿ ਦੋਵੇਂ ਸਾਹਿਬਜ਼ਾਦਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ ਤੇ ਦੇਖਿਆ ਜਾਵੇ ਕਿ ਬੱਚੇ ਕੀ ਕਰਦੇ ਹਨ। ਤਿੰਨ ਦੁਕਾਨਾਂ ਬਜ਼ਾਰ ‘ਚ ਲਾ ਦਿੱਤੀਆਂ ਜਾਣ। ਇਨ੍ਹਾਂ ‘ਚ ਦੁਕਾਨ ‘ਤੇ ਨਿਰੇ ਖਿਡੌਣੇ ਹੋਣ, ਦੂਜੀ ਦੁਕਾਨ ‘ਚ ਮਠਿਆਈਆਂ ਤੇ ਤੀਜੀ ਦੁਕਾਨ ‘ਚ ਸ਼ਸਤਰ, ਅਸਤਰ, ਗੋਲੇ ਹੋਣ। ਸਾਹਿਬਜ਼ਾਦਿਆਂ ਨੂੰ ਜਦੋਂ ਛੱਡਿਆ ਗਿਆ ਤਾਂ ਉਨ੍ਹਾਂ ਨੇ ਬਾਹਰ ਜਾ ਕੇ ਤਿੰਨ ਦੁਕਾਨਾਂ ਲੱਗੀਆਂ ਦੇਖੀਆਂ ਤਾਂ ਉਨ੍ਹਾਂ ਨਾ ਮਠਿਆਈ ਵੱਲ ਤੱਕਿਆ, ਨਾ ਖਿਡੌਣਿਆਂ ਵੱਲ ਦੇਖਿਆ, ਸਿੱਧਾ ਧਾ ਕੇ ਸ਼ਸਤਰਾਂ ਨੂੰ ਪਏ। ਧੰਨ-ਧੰਨ ਕਲਗੀ ਵਾਲੇ ਦੇ ਸਾਹਿਬਜ਼ਾਦੇ !
ਲਤੀਫ਼ ਦਾ ਕਹਿਣਾ ਹੈ ਕਿ ਸਵਾਲ ਜਵਾਬ ਵੇਲੇ ਵੀ ਇਹ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਸ਼ਸਤਰ ਹੀ ਇਕੱਠੇ ਕਰਨਗੇ | ਜੰਗਲ ਜਾ ਕੇ ਫ਼ੌਜ ਨੂੰ ਨਵੇਂ ਸਿਰੇ ਤੋਂ ਤਰਤੀਬ ਦੇਣਗੇ। ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਹਨ, ਉਸ ਨੇ ਕਾਜ਼ੀ ਕੋਲੋਂ ਫਤਵਾ ਦਿਵਾ ਦਿੱਤਾ ਗਿਆ । ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਸੀ |
ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾਦਾਰੀ ਪਾਲਣ ਬਦਲੇ ਸੂਬਾ ਸਰਹਿੰਦ ਵਜੀਦ ਖਾਂ ਦੇ ਹੁਕਮ ਨਾਲ 12 ਪੋਹ ਸੰਮਤ 1761 ਬਿਕ੍ਰਮੀ ਅਰਥਾਤ 26ਦਸੰਬਰ 1704 ਈਸਵੀ ਨੂੰ ਦੋਵੇਂ ਸਾਹਿਬਜ਼ਾਦਿਆ ਨੂੰ ਜਿਊਂਦੇ ਦੀਵਾਰਾਂ ‘ਚ ਚਿਣ ਕੇ ਸ਼ਹੀਦ ਕਰ ਦਿੱਤਾ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋਂ ਅਲੱਗ ਕਰ ਕੇ ਸ਼ਹੀਦ ਕੀਤਾ ਗਿਆ। ਇਸ ਦਿਲ-ਕੰਬਾਊ ਘਟਨਾ ਨੂੰ ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਛਾਪ ਪਹਿਲੀ, ਪੰਨਾ ਨੰਬਰ 179 ਬੰਦ 581 ‘ਚ ਇਸ ਤਰ੍ਹਾਂ ਬਿਆਨ ਕਰਦੇ ਹਨ |
“ਨਾਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ।
ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ।
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ”
ਭਾਵ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ 9 ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ 6 ਮਹੀਨੇ ਦੀ ਸੀ। ਬਾਬਾ ਜ਼ੋਰਾਵਰ ਸਿੰਘ ਜੀ ਦਾ ਕਟਾਰ ਦੇ ਵਾਰ ਨਾਲ ਸੀਸ ਕੱਟ ਦਿੱਤੇ ਜਾਣ ‘ਤੇ ਤੁਰੰਤ ਹੀ ਜੋਤੀ ਜੋਤ ਸਮਾ ਗਏ | ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਸੀਸ ਕੱਟ ਦਿੱਤੇ ਜਾਣ ਤੋਂ ਬਾਅਦ ਵੀ ਅੱਧੀ ਘੜੀ, ਭਾਵ ੧੨-੧੩ ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ |
ਮਾਤਾ ਗੁਜਰੀ ਜੀ ਦਾ ਜੋਤੀ ਜੋਤ ਸਮਾਉਣਾ
ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ‘ਚ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ, ਤਾਂ ਮਾਤਾ ਗੁਜਰੀ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਅਤੇ ਜੋਤੀ ਜੋਤ ਸਮਾ ਗਏ ਅਤੇ ਮਾਤਾ ਜੀ ਅਕਾਲ ਪੁਰਖ ਦੀ ਗੋਦ ‘ਚ ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੇ। ਮਨੁੱਖਤਾ ਦੇ ਇਤਿਹਾਸ ‘ਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਮੰਜ਼ਰ ਹੋਰ ਕਿਤੇ ਵੀ ਦਿਖਾਈ ਨਹੀਂ ਦਿੰਦਾ।
ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ ਸਨ। ਕੌਮਾਂ ਦੀ ਤਵਾਰੀਖ ਦੀ ਸਮੀਖਿਆ ਕਰਨ ਸਮੇਂ ਇਹ ਅਵਧੀ ਕੋਈ ਇਨੀਂ ਵੀ ਜ਼ਿਆਦਾ ਨਹੀਂ ਕਿ ਸਿੱਖਾਂ ਦੇ ਚੇਤਿਆਂ ‘ਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਤੇ ਉਨ੍ਹਾਂ ਦੀ ਸ਼ਹਾਦਤ ਦੇ ਦਰਦਨਾਕ ਪ੍ਰਸੰਗ ਮਨਫੀ ਹੋ ਜਾਣਾ ਸ਼ਹੀਦਾਂ ਨੂੰ ਇਕ ਖਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਹੁੰਦੀ ਹੈ। ਗੁਰਪ੍ਰਣਾਲੀ, ਗੁਲਾਬ ਸਿੰਘ ‘ਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਹੈ।
“ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”
ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ । ਦਸਵੇਂ ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, ‘ਕਥਾ ਗੁਰੂ ਜੀ ਕੇ ਸੁਤਨ ਕੀ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ |
“ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
ਤਬ ਮਲੇਰੀਏ ਕਰਯੋ; ‘ਜੜਾਂ ਤੁਮ ਜਾਹਿ ਹੀ
ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ”
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
“ਜਬ ਦੁਸ਼ਟੀ ਐਸੇ ਦੁਖ। ਬਹੁਰੋਂ ਫੇਸ ਸੀਸ ਕਢਵਾਏ
ਰਜ ਕੋ ਪਾਇ ਪੀਪਲਰ ਬਾਂਧੇ। ਦੁਸ਼ਟ ਗੁਲੇਲੇ ਭੀਰ ਸੁ ਸਾਂਧੇ”
ਇੱਥੇ ਇਹ ਵੀ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਅਰਾ ਹੀ ਮਾਰਿਆਂ ਸਗੋਂ ਉਨ੍ਹਾਂ ਨੇ ਮਾਸੂਮ ਸਾਹਿਬਜ਼ਾਦਿਆਂ ‘ਤੇ ਜ਼ੁਲਮ ਰੋਕਣ ਲਈ ਬੜੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਨ੍ਹਾਂ ਦੀ ਇਕ ਵੀ ਨਾ ਸੁਣੀ।
ਸਰਹਿੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ‘ਤੇ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਵੱਲੋਂ ਨਿਭਾਈ ਨਾਕਾਬਿਲ-ਏ-ਫਰਾਮੋਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਰਹਿੰਦੇ ਸਮਿਆਂ ਤੱਕ ਅਹਿਸਾਨਮੰਦ ਰਹੇਗੀ।
ਦੀਵਾਨ ਟੋਡਰ ਮੱਲ ਨੇ ਵਿਛਾਈਆਂ ਕਰੀਬ 78000 ਸੋਨੇ ਦੀਆਂ ਮੋਹਰਾਂ
ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਸਰਹਿੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖ਼ਾਂ ਪਾਸੋਂ ਸਾਹਿਬਜ਼ਾਦਿਆਂ ਦੇ ਸਸਕਾਰ ਦੀ ਇਜਾਜ਼ਤ ਮੰਗੀ। ਨਵਾਬ ਨੇ ਕਿਹਾ ਕਿ “ਜ਼ਮੀਨ ਮੁੱਲ ਲੈ ਕੇ ਸਸਕਾਰ ਕਰਨ ਦੀ ਆਗਿਆ ਹੈ, ਉਹ ਵੀ ਸੋਨੇ ਦੀਆਂ ਮੋਹਰਾਂ ਖੜ੍ਹੇ ਕਰਕੇ ਵਿਛਾਉਣੀਆਂ ਪੈਣਗੀਆਂ।
ਟੋਡਰ ਮੱਲ ਨੇ ਜ਼ਾਲਮਾਂ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ । ਕਰੀਬ 78000 ਸੋਨੇ ਦੀਆਂ ਮੋਹਰਾਂ (ਲਗਭਗ 780 ਕਿੱਲੋ ਸੋਨਾ) ਵਿਛਾਈਆਂ ਗਈਆਂ ਸਨ। ਉਨ੍ਹਾਂ ਨੇ ਸੋਨੇ ਦੀਆ ਮੋਹਰਾਂ ਵਿਛਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ ਅਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ। ਅੱਜ ਇਸ ਥਾਂ ‘ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।
ਮਿਸਲ ਕਾਲ ‘ਚ ਸਰਹਿੰਦ ਦਾ ਇਲਾਕਾ ਬਾਬਾ ਆਲਾ ਸਿੰਘ ਦੇ ਅਧੀਨ ਰਿਆਸਤ ਪਟਿਆਲਾ ਦਾ ਅੰਗ ਬਣ ਗਿਆ। ਸਰਹਿੰਦ ਦੇ ਆਪਣੇ ਅਧਿਕਾਰ ਹੇਠ ਆਉਣ ‘ਤੇ ਹੀ ਬਾਬਾ ਆਲਾ ਸਿੰਘ ਨੇ 12 ਮਿਸਲਾਂ ਤੇ ਸਿੰਘਾਂ ਦੀ ਮਿਲਵਰਤਨ ਨਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦਗਾਰ ਵਜੋਂ ਕਿਲ੍ਹਾ ਸਰਹਿੰਦ ਦੇ ਅਸਥਾਨ ‘ਤੇ 1763 ਈਸਵੀ ‘ਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨੀਂਹ ਰਖਵਾਈ |
ਜਿਥੇ 59 ਸਾਲ ਪਹਿਲਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਵਾਸਤੇ ਪੰਜ ਹਜ਼ਾਰ ਵਿੱਘੇ ਜ਼ਮੀਨ ਦਾ ਚੁੱਕ ਕਾਇਮ ਕੀਤਾ ਗਿਆ । ਇਸ ਕਿਲ੍ਹੇ ਦਾ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਸਨ, ਉਸੇ ਤਰ੍ਹਾਂ ਕਾਇਮ ਰਹਿਣ ਦਿੱਤਾ ਗਿਆ। ਸਰਹਿੰਦ ਦਾ ਸ਼ਾਹੀ ਕਿਲ੍ਹਾ ਪ੍ਰਾਣ ਤਿਆਗ ਢਹਿ ਗਿਆ ਸੀ, ਜਿਸ ਥਾਂ ਨੂੰ ਪਟਿਆਲਾ ਸਰਕਾਰ ਨੇ ਆਪਣੇ ਕਬਜ਼ੇ ‘ਚ ਲੈ ਲਿਆ। ਇਸ ਥਾਂ ਦਾ ਨਾਮ ਹਮੇਸ਼ਾ ਲਈ ਫਤਹਿਗੜ੍ਹ ਸਾਹਿਬ ਮਸ਼ਹੂਰ ਹੋ ਗਿਆ।
ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣਵਾ ਕੇ ਇੱਥੇ ਬਕਾਇਦਾ ਲੰਗਰ ਵਰਤਾਇਆ। ਲੰਗਰ ਦੇ ਖਰਚ ਲਈ ਕਾਫੀ ਜ਼ਮੀਨ ਅਤੇ ਹੋਰ ਅਚੱਲ ਜਾਇਦਾਦ ਅਰਦਾਸ ਕਰਾਈ। ਇਸਤੋਂ ਬਾਅਦ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਾਫ਼ੀ ਜ਼ਮੀਨ ਇਸ ਗੁਰਦੁਆਰੇ ਦੇ ਨਾਮ ਲਗਵਾ ਦਿੱਤੀ ਹੈ।
ਕਾਰਸੇਵਾ ਚੱਲਣ ਸਮੇਂ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲੇ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਤਸਵੀਰ (Image Credit: ਗੁਰਦੁਆਰਾ ਪੀਡੀਆ)
ਪਹਿਲਾਂ ਇਸ ਗੁਰਦੁਆਰਾ ਸਾਹਿਬ ਅਤੇ ਹੋਰ ਸਬੰਧਤ ਗੁਰੂ ਅਸਥਾਨਾਂ ਦਾ ਪ੍ਰਬੰਧ ਵੱਖ-ਵੱਖ ਪੁਜਾਰੀਆਂ ਦੇ ਹੱਥ ਸੀ। ਇੱਥੇ ਇੰਤਜ਼ਾਮ ਤਸੱਲੀ ਬਖਸ਼ ਨਾ ਹੋਣ ਕਾਰਨ ਸਰਕਾਰ ਪਟਿਆਲਾ ਨੇ ਪੁਜਾਰੀਆਂ ‘ਚੋਂ ਹੀ 1906 ਈਸਵੀ ‘ਚ ਇੱਕ ਪ੍ਰਬੰਧਕ ਕਮੇਟੀ ਬਣਾ ਦਿੱਤੀ।
ਇਸਦੇ ਚੱਲਦੇ 42 ਸਾਲ ਇਹ ਕਮੇਟੀ ਕੰਮ ਕਰਦੀ ਰਹੀ, ਪਰ ਕੋਈ ਚੰਗਾ ਇੰਤਜ਼ਾਮ ਨਾ ਹੋਣ ਕਾਰਨ 1944 ਈਸਵੀ ‘ਚ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਮਾਲਕ ਹਰਦਿੱਤ ਸਿੰਘ ਵਜ਼ੀਰ-ਏ-ਆਜ਼ਮ ਤੇ ਜਨਰਲ ਸਰਦਾਰ ਗੁਰਦਿਆਲ ਸਿੰਘ ਹਰੀਕਾ ਦੀ ਸਲਾਹ ਨਾਲ 13 ਸਖ਼ਸ਼ੀਅਤਾਂ ਦੀ ਇਕ ਕਮੇਟੀ ਨਿਯਮਤ ਕੀਤੀ, ਜਿਸ ਦਾ ਨਾਮ ਇੰਪਰੂਵਮੈਂਟ ਕਮੇਟੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ’ ਰੱਖਿਆ ਗਿਆ।
ਇਸ ਕਮੇਟੀ ਦੇ ਨਾਲ ਹੀ ਦਰਬਾਰ ਪਟਿਆਲਾ ਦੇ ਕੁਝ ਚੋਣਵੇਂ ਅਹਿਲਕਾਰਾਂ ਜਿਨ੍ਹਾਂ ‘ਚ ਸਰਦਾਰ ਵਿਸਾਖਾ ਸਿੰਘ ਜੀ, ਭਾਈ ਅਰਜਨ ਸਿੰਘ ਜੀ ‘ਬਾਗੜੀਆ’ ਆਦਿ ਕਈ ਉੱਘੀਆਂ ਸਖ਼ਸ਼ੀਅਤਾਂ ਸ਼ਾਮਲ ਕੀਤੀਆਂ। ਇਸ ਇੰਪਰੂਵਮੈਂਟ ਕਮੇਟੀ ਨੇ 8 ਲੱਖ 10 ਹਜ਼ਾਰ ਰੁਪਏ ਇਕੱਠੇ ਕੀਤੇ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਤਾਰਾ ਸਿੰਘ ਦੀ ਤਜਵੀਜ਼ ਨਾਲ ਗੁਰਦੁਆਰੇ ਲਈ ਨਵਾਂ ਨਕਸ਼ਾ ਬਣਵਾਇਆ ਗਿਆ ਤੇ ਉਸ ਨਕਸ਼ੇ ਮੁਤਾਬਕ 23 ਫੁੱਟ ਡੂੰਘੀਆਂ ਨੀਹਾਂ ਭਰ ਕੇ ਗੁਰਦੁਆਰਾ ਸਾਹਿਬ ਉਸਾਰਿਆ ਗਿਆ।
ਇਸ ਤਿੰਨ ਮੰਜਿਲਾ ਗੁਰਦੁਆਰਾ ਸਾਹਿਬ ਦੇ ਹੁਣ ਦੂਰ ਤੋਂ ਹੀ ਦਰਸ਼ਨ ਕੀਤੇ ਜਾ ਸਕਦੇ ਹਨ। ਇਸਦੇ ਉੱਪਰ ਸ਼ਾਨਦਾਰ ਗੁੰਬਦ 1,68,000 ਰੁਪਏ ਦੀ ਲਾਗਤ ਨਾਲ ਬਣਿਆ ਹੈ। 1944 ‘ਚ ਇੱਕ ਗੁਰਦੁਆਰਾ ਬੋਰਡ ਬਣਾਇਆ ਗਿਆ ਸੀ।
ਜੁਲਾਈ, 1948 ਪੈਪਸੂ ‘ਚ ਧਰਮ ਅਰਥ ਬੋਰਡ ਨੇ ਪ੍ਰਬੰਧ ਸੰਭਾਲਿਆ। ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਅੰਮ੍ਰਿਤ ਸਰੋਵਰ ਦਾ ਟੱਪਾ ਲਗਵਾਕੇ ਖੁਦਈ ਸ਼ੁਰੂ ਕਰਵਾਈ ਅਤੇ ਪੱਕਾ ਸਰੋਵਰ ਤਾਮੀਰ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ 1955-56 ‘ਚ ਸੰਭਾਲਿਆ। ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਅਤੇ ਰਹਿੰਦੀ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਵਲੋਂ ਕਰਵਾਈ ਗਈ ਸੀ।
Read More: History of Thanda Burj: ਇਤਿਹਾਸਿਕ ਗੁਰਦੁਆਰਾ ਠੰਡਾ ਬੁਰਜ ਸਾਹਿਬ