July 7, 2024 3:59 pm
ਸ਼ਹੀਦ ਗੰਜ-੩

ਗੁਰਦੁਆਰਾ ਸੀਸ ਗੰਜ ਸ਼ਹੀਦਾਂ (ਸ਼ਹੀਦ ਗੰਜ-੩) ਦਾ ਇਤਿਹਾਸ

ਗੁਰਦੁਆਰਾ ਸੀਸ ਗੰਜ ਸ਼ਹੀਦਾਂ (ਸ਼ਹੀਦ ਗੰਜ-੩) ਫਤਹਿਗੜ੍ਹ ਸਾਹਿਬ ਤੋਂ ਸਰਹੰਦ ਜਾਣ ਵਾਲੀ ਸੜਕ ‘ਤੇ ਸੱਜੇ ਹੱਥ ਲਗਭਗ ੫੦੦ ਦੀ ਵਿੱਥ ‘ਤੇ ਪੁੱਲਾਂ ਦੇ ਕੋਲ ਸਥਿਤ ਹੈ। ਸ੍ਰੀ ਫਤਹਿਗੜ੍ਹ ਸਾਹਿਬ ਦਾ ਡਿਪਟੀ ਕਮਿਸ਼ਨਰ ਕੰਪਲੈਕਸ ਬਿਲਕੁਲ ਹੀ ਨਾਲ ਹੈ। ਗੁਰਦੁਆਰਾ ਬੁੰਗਾ ਸਾਹਿਬ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਸ ਅਸਥਾਨ ਦੇ ਨੇੜਲੇ ਗੁਰਦੁਆਰ ਹਨ।

ਮਹਾਨ ਕੋਸ਼ ਅਨੁਸਾਰ ਜੈਨ ਖਾਨ ਨੂੰ ਸੋਧਣ ਸਮੇਂ ਜਥੇਦਾਰ ਮੇਲਾ ਸਿੰਘ ਅਤੇ ਸਾਥੀ ਸਿੰਘ ਸ਼ਹਾਦਤ ਵੀ ਇਸ ਅਸਥਾਨ ‘ਤੇ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਲੋਂ ਜੈਨ ਖਾਂ ਨੂੰ ਸਰਹਿੰਦ ਦਾ ਨਵਾਬ ਬਣਾਇਆ ਗਿਆ ਸੀ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹੁਣ ਅਤੇ ਬੇਅਦਬੀ ਕਰਨ ਅਤੇ ਦੂਜਾ ਘੱਲੂਘਾਰਾ ਕੂਪ-ਰਹੀੜ ਮਲੇਰਕੋਟਲਾ ਸਮੇਂ ਅਦਬਾਲੀ ਦਾ ਸਾਥ ਦਿੱਤਾ ਸੀ।

ਉਸ ਨੂੰ ਸੋਧਣ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਗੁਰ-ਮਤਾ ਪਾਸ ਕੀਤਾ। ੧੭੬੫ ਵਿਚ ਸਰਹਿੰਦ ਨੂੰ ਤਿੰਨ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ। ਜਿਸ ਵਿਚ ਬਾਬਾ ਸੁੱਖਾ ਸਿੰਘ ਅਤੇ ਬਾਬਾ ਮੱਲਾ ਸਿੰਘ ਜੀ ਧਮੇਟ ਵਾਲਿਆਂ ਨੇ ਕੁਰਾਲੀ ਮੋਰਿੰਡੇ ਵਾਲੇ ਪਾਸੇ ਅਤੇ ਖੰਨਾ ਪਾਇਲ ਵਾਲੇ ਪਾਸੇ ਤੋਂ ਮੋਰਚੇ ਸੰਭਾਲਿਆ । ਜਨਵਰੀ ੧੭੬੪ ਈ ਵਿਚ ਪਿੰਡ ਮਨਹੇੜੇ ਲਾਗੇ ਨਵਾਬ ਜੈਨ ਖਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੱਥੋਂ ਮਾਰਿਆ ਗਿਆ ਅਤੇ ੫੦ ਹਜ਼ਾਰ ਸਿੱਖ ਫੌਜ ਵਿਚ ਬਾਬਾ ਸੁੱਖਾ ਸਿੰਘ ਅਤੇ ਬਾਬਾ ਮੱਲਾ ਸਿੰਘ ਜੀ ਨਿਵਾਸੀ ਪਿੰਡ ਧਮੋਟ ਵਾਲੇ ਸ਼ਾਮਲ ਹੋਏ।

ਕੁਰਾਲੀ ਮੋਰਿੰਡੇ ਵਾਲੇ ਪਾਸਿਓਂ ਹੋਏ ਹਮਲੇ ਵਿਚ ਬਾਬਾ ਸੁੱਖਾ ਸਿੰਘ ਜੀ ਅਤੇ ਖੰਨਾ ਪਾਇਲ ਵਾਲੇ ਪਾਸਿਓ ਹੋਏ ਹਮਲੇ ਵਿਚ ਬਾਬਾ ਮੱਲਾ ਸਿੰਘ ਜੀ ੧੪ ਜਵਨਰੀ ੧੭੬੪ ਈ ਨੂੰ ਸ਼ਹੀਦ ਹੋਏ। ਸਿੱਖਾਂ ਨੇ ਸਰਹਿੰਦ ਉਤੇ ਦੁਬਾਰਾ ਕਬਜ਼ਾ ਕੀਤਾ। ਸਰਹਿੰਦ ਦੀ ਨੀਂਹ ਪੁੱਟੀ ਗਈ। ਜਿਸ ਨੂੰ ਦੂਜੀ ਸਰਹਿੰਦ ਫਤਿਹ ਦੇ ਰੂਪ ਵਿਚ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। ਦੂਜ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਪਿੰਡ ਬਹਾਦਰਗੜ੍ਹ ਤਲਾਣੀਆਂ ਵਿਖੇ ਤਿੰਨ ਦਿਨ ਧਾਰਮਿਕ ਗੁਰਮਤਿ ਸਮਾਗਮ ਹੁੰਦੇ ਹਨ ਜੇਕਰ ਕਿ ਮਿਤੀ ੧੨ ਜਨਵਰੀ ਤੋਂ ਆਰੰਭ ਹੁੰਦੇ ਹਨ ਤੇ ੧੩ ਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਸ਼ਹੀਦ ਗੰਜ ਬਾਬਾ ਮੇਲਾ ਸਿੰਘ ਹੁੰਦਿਆਂ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਹੁੰਚਦਾ ਹੈ।

੧੪ ਜਨਵਰੀ ਨੂੰ ਕੀਰਤਨ ਦਰਬਾਰ ਸਜਦਾ ਹੈ। ਗੁਰਦੁਆਰਾ ਸ਼ਹੀਦ ਗੰਜ ਬਾਬਾ ਮੱਲਾ ਸਿੰਘ ਦਾ ਇਹ ਵੀ ਇਤਿਹਾਸ ਕਿ ਮੁਗਲ ਹਕੂਮਤ ਸਮੇਂ ਸਿੰਘਾਂ ਦੇ ਸਿਰਾਂ ਦਾ ਅੱਸੀ ਅੱਸੀ ਰੁਪਏ ਮੁੱਲ ਪੈਂਦਾ ਸੀ। ਉਸ ਸਮੇਂ ਚਾਲੀ ਗੱਡੇ ਸਿੰਘਾਂ ਦੇ ਸਿਰਾਂ ਦੇ ਦਿੱਲੀ ਨੂੰ ਲਿਜਾਂਦੇ ਹੋਇਆ ਮੁਗਲਾਂ ਨੂੰ ਘੇਰ ਕੇ ਸਿੰਘਾਂ ਨੇ ਇਸ ਅਸਥਾਨ ‘ਤੇ ਸਿੰਘਾਂ ਦੇ ਸਿਰਾਂ ਦਾ ਅੰਤਮ ਸਸਕਾਰ ਕੀਤਾ ਗਿਆ ।

ਇਸ ਗੁਰਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਵਿਚ ਤੀਜਾ ਸ਼ਹੀਦ ਗੰਜ ਹੈ। ਪਹਿਲੇ ਇਸ ਅਸਥਾਨ ‘ਤੇ ਸਾਧਾਰਨ ਮੰਜੀ ਸਾਹਿਬ ਹੀ ਬਣਿਆ ਹੋਇਆ ਸੀ। ਸੰਨ ੧੯੪੪ ਈਸਵੀ ਵਿਚ ਜਦੋਂ ਫਤਹਿਗੜ੍ਹ ਸਾਹਿਬ ਗੁਰਦੁਆਰੇ ਦੀ ਨਵੀਂ ਉਸਾਰੀ ਹੋਈ ਤਾਂ ਨਾਲ ਹੀ ਇਸ ਅਸਥਾਨ ‘ਤੇ ਇਕ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ। ਅਜੋਕਾ ਸਮੇਂ ਗੁਰਦੁਆਰਾ ਸਾਹਿਬ ਦਾ ਦਾ ਨਾਂ ਸ਼ੀਸ਼ ਗੰਜ ਸ਼ਹੀਦਾਂ ਹੈ ਪ੍ਰੰਤੂ ਮਹਾਨ ਕੋਸ਼ ਵਿਚ ਇਸ ਅਸਥਾਨ ਦਾ ਨਾਂ ‘ਸ਼ਹੀਦ ਗੰਜ ੩’ ਹੈ।