July 5, 2024 12:03 am
ਠੰਡੇ ਬੁਰਜ

ਇਤਿਹਾਸਿਕ ਗੁਰਦੁਆਰਾ ਠੰਡਾ ਬੁਰਜ ਸਾਹਿਬ

ਇਹ ਬੁਰਜ ਜੋ ਗੁਰਦੁਆਰੇ ਦੀ ਸ਼ਕਲ ਵਿਚ ਹੈ, ਇਹ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਉੱਤਰ ਪੱਛਮ ਬੱਸੀ ਪਠਾਣਾਂ ਵੱਲ ਲਗਭਗ ਪੰਜਾਹ ਕੁ ਗਜ਼ ਦੀ ਵਿੱਥ ‘ਤੇ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਬੁਰਜ ਦੇ ਬਿਲਕੁਲ ਸਾਹਮਣੇ ਹੈ, ਕੋਲ ਹੀ ਖੱਬ ਹੱਥ ਸਰੋਵਰ ਹੈ।

ਪਹਿਲੇ ਪਹਿਲ ਇਹ ਅਸਥਾਨ ਠੰਡੇ ਬੁਰਜ ਦੇ ਨਾਂ ਨਾਲ ਮਸ਼ਹੂਰ ਸੀ, ਕਿਉਂਕਿ ਨਵਾਬ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਵਿਚ ਪੋਹ ਦੇ ਮਹੀਨੇ ਕੜਾਕੇ ਦੀ ਠੰਡ ਵਿਚ ਤਸੀਹੇ ਦੇਣ ਲਈ ਰੱਖਿਆ ਸੀ। ਮਾਤਾ ਗੁਜਰੀ ਜੀ ਇਥੋਂ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ੩ ਦਿਨ ਅਕਾਲ ਪੁਰਖ ਦੀ ਮਹਿਮਾ ਸੁਣਾ ਕੇ ਨਵਾਬ ਦੀ ਕਚਹਿਰੀ ਵਿਚ ਭੇਜਦੇ ਰਹੇ ਸਨ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲਣ ‘ਤੇ ਮਾਤਾ ਜੀ ਇਥੋਂ ਹੀ ਸੱਚਖੰਡ ਨੂੰ ਗਏ ਸਨ।

Gurudwara Fatehgarh Sahib Sirhind (Thanda Burj) Is The Great ...

ਪ੍ਰਿੰਸੀਪਲ ਸਤਿਬੀਰ ਸਿੰਘ ਦੇ ਮੁਤਾਬਕ ਪਹਿਲਾਂ ਇਹ ਬੁਰਜ ਇਕ ਪੁਰਾਣੇ ਢੰਗ ਦਾ ਸੀ। ਸਿੰਘਾਂ ਦੇ ਹਮਲਿਆਂ ਸਮੇਂ ਇਸ ਦਾ ਨਾਮੋ-ਨਿਸ਼ਾਨ ਬਾਕੀ ਨਾ ਰਿਹਾ। ੧੯੪੪ ਈਸਵੀ ਵਿਚ ਜਦੋਂ ਮਹਾਰਾਜਾ ਪਟਿਆਲਾ ਦੇ ਯਤਨਾਂ ਨਾਲ ਦਰਬਾਰ ਸਾਹਿਬ ਫਤਹਿਗੜ੍ਹ ਦੀ ਨਵੀਂ ਉਸਾਰੀ ਸ਼ੁਰੂ ਹੋਈ ਤਾਂ ਇਸ ਦੀ ਵੀ ਸੁੰਦਰ ਇਮਾਰਤ ਬਣਾਈ ਗਈ। ਹੁਣ ਇਸ ਉੱਚੇ ਬੁਰਜ ਦੇ ਨਾਲ ਹੀ ਮਾਤਾ ਗੁਜਰੀ ਜੀ ਦਾ ਪਵਿੱਤਰ ਸ਼ਹੀਦੀ ਗੁਰਦੁਆਰਾ ਹੈ। ਉਸ ਦੇ ਸਾਹਮਣੇ ਹੇਠਲੇ ਪਾਸੇ ਅਤਿ ਸੁੰਦਰ ਡਿਉਢੀ ਹੈ, ਜਿਸ ਵਿਚ ਉਪਰ ਨੂੰ ਪੌੜੀਆਂ ਚੜ੍ਹਦੀਆਂ ਹਨ। ਅੱਗੇ ਮਾਤਾ ਜੀ ਦਾ ਸ਼ਹੀਦ ਗੰਜ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਮੌਜੂਦਾ ਸੁੰਦਰ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ।

ਭਾਈ ਵਿਸਾਖਾ ਸਿੰਘ ਸਰਦ ਬੁਰਜ ਬਾਰੇ ਦੱਸਦੇ ਹਨ ਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਮਾਰੀ ਤਾਂ ਸਿੰਘਾਂ ਨੇ ਸਾਰੀ ਸਰਹਿੰਦ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਸਾਰਾ ਸ਼ਹਿਰ ਪਲ ਵਿਚ ਮਿੱਟੀ ਦਾ ਢੇਰ ਬਣਾ ਦਿੱਤਾ । ਇਸ ਠੰਡੇ ਬੁਰਜ ਨੂੰ ਨਹੀਂ ਢਾਹਿਆ ਕਿਉਂਕਿ ਇਸ ਵਿਚ ਮਾਤਾ ਗੁਜਰੀ ਜੀ ਸਾਹਿਬ ਸਮੇਤ ਸਾਹਿਬਜ਼ਾਦਿਆਂ ਦੇ ਬੰਦ ਰੱਖੇ ਸਨ। ਸਿੰਘਾਂ ਨੇ ਇਸ ਨੂੰ ਪਵਿੱਤਰ ਯਾਦਗਾਰ ਕਾਇਮ ਰੱਖਣ ਖਾਤਰ ਨਹੀਂ ਵਾਇਆ। ਸ਼ਹਿਰ ਸਰਹਿੰਦ ਦੇ ਦੁਆਲੇ ਜੋ ਕੰਧ ਸੀ ਉਸ ਵਿਚ ਅੱਠ ਬੁਰਜ ਸਨ। ਸੱਤ ਸਿੰਘਾਂ ਨੇ ਢਾਹ ਦਿੱਤੇ ਅਤੇ ਇਸ ਅੱਠਵੇਂ ਬੁਰਜ ਨੂੰ ਨਹੀਂ ਢਾਇਆ।

ਸਰਦ ਬੁਰਜ ਇਸ ਕਰ ਕੇ ਨਾਂ ਪਿਆ ਕਿ ਇਹ ੧੪੦ ਫੁੱਟ ਊਚਾ ਸੀ ਅਤੇ ਇਸਦੇ ਕੋਲ ਦੀ ਇਕ ਠੰਡੇ ਜਲ ਦਾ ਨਾਲਾ ਵਗਦਾ ਸੀ ਜਿਸ ਦੇ ਕਾਰਨ ਬਹੁਤ ਠੰਡਾ ਰਹਿੰਦਾ ਸੀ ਤੇ ਸੂਬਾ ਗਰਮੀ ਦੇ ਮੌਸਮ ਵਿਚ ਇਥੇ ਠਹਿਰਿਆ ਕਰਦਾ ਸੀ। ਸੋ ਪੋਹ ਦੇ ਦਿਨਾਂ ਵਿਚ ਠੰਡ ਨਾਲ ਤੰਗ ਕਰਨ ਖਾਤਰ ਮਾਤਾ ਜੀ ਅਤੇ ਸਾਹਿਬਜਾਦੇ ਠੰਡੇ ਬੁਰਜ ਵਿਚ ਬੰਦ ਰਖੇ ਸਨ। ੨੦ਵੀਂ ਸਦੀ ਵਿਚ ਇਸ ਬੁਰਜ ਦੇ ਕੰਧਾਂ ਦੀਆਂ ਕੁਝ ਕ ਨਿਸ਼ਾਨੀਆਂ ਹੀ ਬਚੀਆਂ ਸਨ ਜਿਥੇ ਅਜੋਕਾ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ।

ਗੁਰਦੁਆਰਾ ਸ੍ਰੀ ਠੰਡਾ ਬੁਰਜ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਲਈ ਨੀਂਹ ਪੱਥਰ ੧੩ ਫਰਵਰੀ ੨੦੧੪ ਈ ਨੂੰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ। ਜਿਸਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਸੀ ਅਤੇ ਜਿਸ ਨੂੰ ਫ਼ਤਹਿਗੜ੍ਹ ਸਾਹਿਬ ਡੇਰੇ ਦੇ ਇੰਚਾਰਜ ਬਾਬਾ ਗੁਲਜ਼ਾਰ ਸਿੰਘ ਅਤੇ ਬਾਬਾ ਪਾਲੀ ਨੇ ਕਰਵਾਇਆ।

ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ, ਦੀ ਲਾਸਾਨੀ ਸ਼ਹਾਦਤ ਦੀ ਗਵਾਹੀ ਭਰਦੇ ਠੰਢੇ ਬੁਰਜ ਦੀ ਪੁਰਾਤਨ ਦਿੱਖ ਕਾਰ ਸੇਵਾ ਤਕਰੀਬਨ ੮ ਮਹੀਨੇ ਪਹਿਲਾਂ ਬੰਦ ਹੀ ਪਈ ਰਹੀ ਫਿਰ ਅਕਤੂਬਰ ੨੦੧੪ ਵਿੱਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਕਾਰਸੇਵਾ ਵਿਚ ਇਮਾਰਤ ਗੁਰਦੁਆਰਾ ਠੰਡਾ ਬੁਰਜ ਦੇ ਚਾਰੇ ਪਾਸੇ ਛੋਟੀ ਇੱਟ ਦੀ ਚਿਣਾਈ ਕਰਵਾ ਕੇ ਪੁਰਾਤਨ ਦਿੱਖ ਬਹਾਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਾਰਨ ਇਮਾਰਤ ਦਾ ਰੰਗ ਲਾਲ ਹੈ। ਗੁੰਬਦ ਸੁਨਹਿਰੀ ਹੈ।

ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀਆਂ ੨ ਬੁਰਜੀਆਂ ਨੂੰ ਅੰਦਰੋਂ ਬਾਹਰੋਂ ਪੁਰਾਤਨ ਦਿੱਖ ਦਿੱਤੀ ਗਈ। ਇੱਕ ਨਵੀਂ ਪੌੜੀ ਜੋ ਮਾਤਾ ਗੁਜਰੀ ਲੰਗਰ ਦੇ ਵਿਹੜੇ ਵਿੱਚ ਉੱਤਰਦੀ ਬਣਾਈ ਗਈ ਹੈ।
ਤਕਰੀਬਨ ੧੦ ਮਿਸਤਰੀ ਇਸ ਪੁਰਾਤਨ ਦਿੱਖ ਨੂੰ ਬਹਾਲ ਕਰਨ ਵਿੱਚ ਰੋਜ਼ਾਨਾ ਆਪਣਾ ਯੋਗਦਾਨ ਪਾਇਆ। ਰੋਜ਼ਾਨਾ ਚੱਲਦੀ ਇਸ ਕਾਰ ਸੇਵਾ ਨੂੰ ਸ਼ਹੀਦੀ ਜੋੜ ਮੇਲ ਦਸੰਬਰ ੨੦੧੫ ਤੱਕ ਪੂਰਾ ਕੀਤਾ ਗਿਆ। ਇਸ ਕਾਰ ਸੇਵਾ ਵਿੱਚ ਸੰਗਤਾਂ ਆਪਣਾ ਤਨੋ ਮਨੋ ਧਨੋ ਨਾਲ ਯੋਗਦਾਨ ਪਾਇਆ।