ਬੰਗਲਾਦੇਸ਼, 07 ਜਨਵਰੀ 2026: ਬੰਗਲਾਦੇਸ਼ ਦੇ ਨੌਗਾਓਂ ਜ਼ਿਲ੍ਹੇ ‘ਚ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਨਹਿਰ ‘ਚ ਛਾਲ ਮਾਰਨ ਨਾਲ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ ਹੈ। ਰਿਪੋਰਟਾਂ ਮੁਤਾਬਕ ਮ੍ਰਿਤਕ ਦੀ ਪਛਾਣ ਮਿਥੁਨ ਸਰਕਾਰ ਵਜੋਂ ਹੋਈ ਹੈ, ਜੋ ਕਿ ਭੰਡਾਰਪੁਰ ਪਿੰਡ ਦਾ ਰਹਿਣ ਵਾਲਾ ਹੈ।
ਸਥਾਨਕ ਪੁਲਿਸ ਮੁਤਾਬਕ ਕੁਝ ਲੋਕਾਂ ਨੇ ਮਿਥੁਨ ‘ਤੇ ਚੋਰੀ ਦਾ ਦੋਸ਼ ਲਗਾਇਆ ਅਤੇ ਹਾਟ ਚੱਕਗੋਰੀ ਬਾਜ਼ਾਰ ਖੇਤਰ ‘ਚ ਉਸਦਾ ਪਿੱਛਾ ਕੀਤਾ। ਭੱਜਣ ਦੀ ਕੋਸ਼ਿਸ਼ ‘ਚ, ਉਸਨੇ ਨੇੜਲੀ ਨਹਿਰ ‘ਚ ਛਾਲ ਮਾਰ ਦਿੱਤੀ।
ਸਥਾਨਕ ਨਿਵਾਸੀਆਂ ਨੇ ਬਾਅਦ ‘ਚ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਫਾਇਰ ਸਰਵਿਸ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਮਿਥੁਨ ਦੀ ਲਾਸ਼ ਗਭੱਗ ਚਾਰ ਘੰਟੇ ਬਾਅਦ, ਗੋਤਾਖੋਰਾਂ ਦੀ ਮੱਦਦ ਨਾਲ ਸ਼ਾਮ 4 ਵਜੇ ਨਹਿਰ ‘ਚੋਂ ਬਰਾਮਦ ਕੀਤੀ ਗਈ।
ਮੁੱਢਲੀ ਜਾਂਚ ਤੋਂ ਬਾਅਦ, ਲਾਸ਼ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਮ੍ਰਿਤਕ ਅਸਲ ‘ਚ ਚੋਰੀ ਵਿੱਚ ਸ਼ਾਮਲ ਸੀ ਜਾਂ ਨਹੀਂ।
ਬੰਗਲਾਦੇਸ਼ ‘ਚ ਹਿੰਦੂਆਂ ਵਿਰੁੱਧ ਹਮਲੇ
ਪਿਛਲੇ ਕੁਝ ਮਹੀਨਿਆਂ ‘ਚ ਬੰਗਲਾਦੇਸ਼ ‘ਚ ਹਿੰਦੂਆਂ ਵਿਰੁੱਧ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸੋਮਵਾਰ ਰਾਤ ਨੂੰ ਨਰਸਿੰਗਦੀ ਜ਼ਿਲ੍ਹੇ ‘ਚ ਇੱਕ ਹਿੰਦੂ ਦੁਕਾਨਦਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ 40 ਸਾਲਾ ਸ਼ਰਤ ਚੱਕਰਵਰਤੀ ਮਨੀ ਵਜੋਂ ਹੋਈ ਹੈ। ਇਹ ਪਿਛਲੇ 18 ਦਿਨਾਂ ‘ਚ ਕਿਸੇ ਹਿੰਦੂ ਵਿਅਕਤੀ ਦਾ ਛੇਵਾਂ ਕਤਲ ਹੈ।
ਸ਼ਰਤ ਚੱਕਰਵਰਤੀ ਮਨੀ ਪਲਾਸ਼ ਉਪਜਿਲਾ ਦੇ ਚਾਰਸਿੰਦੂਰ ਬਾਜ਼ਾਰ ‘ਚ ਆਪਣੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ। ਅਣਪਛਾਤੇ ਹਮਲਾਵਰ ਅਚਾਨਕ ਪਹੁੰਚੇ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਗੰਭੀਰ ਜ਼ਖਮੀ ਮਨੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ‘ਚ ਹੀ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 19 ਦਸੰਬਰ ਨੂੰ, ਮਨੀ ਨੇ ਇੱਕ ਫੇਸਬੁੱਕ ਪੋਸਟ ਲਿਖੀ ਜਿਸ ‘ਚ ਦੇਸ਼ ਵਿੱਚ ਵੱਧ ਰਹੀ ਹਿੰਸਾ ‘ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਆਪਣੇ ਖੇਤਰ ਨੂੰ ਮੌਤ ਦੀ ਵਾਦੀ ਦੱਸਿਆ।
Read More: ਸਵਿਟਜ਼ਰਲੈਂਡ ‘ਚ ਮਾਤਮ ‘ਚ ਬਦਲਿਆ ਨਵੇਂ ਸਾਲ ਦਾ ਜਸ਼ਨ, ਧ.ਮਾ.ਕੇ ਕਾਰਨ ਕਈਂ ਜਣਿਆਂ ਦੀ ਮੌ.ਤ



