ਚੰਡੀਗੜ੍ਹ, 01 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਕੁਦਰਤ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ (Himachal government) ਨੇ ਇਸ ਕੁਦਰਤੀ ਆਫ਼ਤ ‘ਚ 24*7 ਲੋਕਾਂ ਦੀ ਮੱਦਦ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਟੀਮ ਬਣਾਈ ਹੈ, ਜੋ ਕਿਸੇ ਵੀ ਐਮਰਜੈਂਸੀ ‘ਚ ਮੱਦਦ ਕਰੇਗੀ ਅਤੇ ਐਮਰਜੈਂਸੀ ਲਈ ਨੰਬਰ ਜਾਰੀ ਕੀਤੇ ਹਨ | ਹਿਮਾਚਲ ਦੇ ਕੁੱਲੂ, ਮੰਡੀ ਅਤੇ ਸ਼ਿਮਲਾ ‘ਚ ਤਿੰਨ ਥਾਵਾਂ ‘ਤੇ ਬੱਦਲ ਫਟਣ ਨਾਲ ਜਾਨੀ-ਮਾਲੀ ਨੁਕਸਾਨ ਹੋਇਆ ਹੈ । NDRF ਅਤੇ SDRF ਦੀਆਂ ਟੀਮਾਂ ਸਵੇਰ ਤੋਂ ਹੀ ਬਚਾਅ ਕਾਰਜ ਚਲਾ ਰਹੀਆਂ ਹਨ।
ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੇ ਹੁਣ ਤੱਕ ਕੁੱਲ ਸੱਤ ਜਣਿਆਂ ਨੂੰ ਬਚਾਇਆ ਹੈ। ਇਸ ਦੇ ਨਾਲ ਹੀ ਇੱਕ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਐਨਡੀਆਰਐਫ ਦੇ ਡੀਜੀ ਪੀਯੂਸ਼ ਆਨੰਦ ਨੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀ ਘਟਨਾ ਬਾਰੇ ਕਿਹਾ ਕਿ ਸਾਡੀਆਂ 4 ਟੀਮਾਂ ਉੱਥੇ ਮੌਜੂਦ ਹਨ, ਬਚਾਅ ਕੰਮ ਚੱਲ ਰਿਹਾ ਹੈ। ਇਸ ਦੌਰਾਨ CM ਸੁਖਵਿੰਦਰ ਸੁੱਖੂ ਨੇ ਕੁਦਰਤੀ ਆਫ਼ਤ ‘ਤੇ ਐਮਰਜੰਸੀ ਬੈਠਕ ਸੱਦੀ | ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਹਿਮਾਚਲ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ।