ਹਿਮਾਚਲ ਪ੍ਰਦੇਸ਼, 13 ਅਗਸਤ 2025: ਮੰਗਲਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ‘ਚ ਮਯਾੜ ਘਾਟੀ ‘ਚ ਆਏ ਭਾਰੀ ਹੜ੍ਹ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕਰਪਟ, ਚੰਗੁਟ, ਉਰਗੋਸ, ਤਿੰਗਰੇਟ ਅਤੇ ਸ਼ਾਕੋਲੀ ਪਿੰਡਾਂ ‘ਚ ਹੜ੍ਹ ਦਾ ਪਾਣੀ ਦਾਖਲ ਹੋਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਹੜ੍ਹ ਤੋਂ ਬਾਅਦ ਲਾਹੌਲ ਦੇ ਕਰਪਟ ਪਿੰਡ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਪ੍ਰਸ਼ਾਸਨ ਨੇ ਸਾਰੇ 22 ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤਾ ਹੈ। ਹੜ੍ਹ ਕਾਰਨ ਮਲਬਾ ਪੰਜ ਘਰਾਂ ‘ਚ ਦਾਖਲ ਹੋ ਗਿਆ ਸੀ। ਜਦੋਂ ਕਿ ਕੁਝ ਘਰਾਂ ‘ਚ ਛੋਟੀਆਂ-ਮੋਟੀਆਂ ਤਰੇੜਾਂ ਵੀ ਆ ਗਈਆਂ ਹਨ। ਇਸ ਦੇ ਨਾਲ ਹੀ 22 ਪਰਿਵਾਰਾਂ ਨੇ ਸੁਰੱਖਿਅਤ ਥਾਂ ‘ਤੇ ਤੰਬੂਆਂ ‘ਚ ਰਾਤ ਬਿਤਾਈ। ਜਿਕਰਯੋਗ ਹੈ ਕਿ 20 ਵਿੱਘੇ ਤੋਂ ਵੱਧ ਜ਼ਮੀਨ ਮਲਬੇ ਹੇਠ ਦੱਬ ਗਈ ਹੈ। ਹੜ੍ਹ ਕਾਰਨ ਖੇਤਾਂ ‘ਚ ਖੜ੍ਹੀ ਫਸਲ ਤਬਾਹ ਹੋ ਗਈ। ਮੰਗਲਵਾਰ ਨੂੰ ਹੜ੍ਹ ਕਾਰਨ ਤਿੰਨ ਪੁਲ ਵਹਿ ਗਏ।
ਦੂਜੇ ਪਾਸੇ, ਚੋਖਾਂਗ-ਨੇਨਗਾਹਰ ਜੋੜਨ ਵਾਲੀ ਸੜਕ ਅਤੇ ਪੱਟਨ ਖੇਤਰ ਦੇ ਕਈ ਅੰਦਰੂਨੀ ਰਸਤੇ ਵੀ ਹੜ੍ਹ ‘ਚ ਵਹਿ ਗਏ, ਜਿਸ ਕਾਰਨ ਕਈ ਪਿੰਡ ਸੰਪਰਕ ਤੋਂ ਕੱਟੇ ਗਏ। ਬੁੱਧਵਾਰ ਨੂੰ ਸਬ-ਡਿਵੀਜ਼ਨ ਦਫ਼ਤਰ ਉਦੈਪੁਰ ਦੀ ਟੀਮ, ਲੋਕ ਨਿਰਮਾਣ ਵਿਭਾਗ ਅਤੇ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਕਰਪਟ ਪਿੰਡ ਦੇ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਚੀਜ਼ਾਂ ਉਪਲਬੱਧ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Read More: ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਫਟਿਆ ਬੱਦਲ, ਕੈਲਾਸ਼ ਯਾਤਰਾ ਰੋਕੀ