Himachal Pradesh

ਹਿਮਾਚਲ ਪ੍ਰਦੇਸ਼: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ‘ਚ 59 ਮੋਬਾਈਲ ਟੀਮਾਂ ਦਾ ਗਠਨ

ਹਿਮਾਚਲ ਪ੍ਰਦੇਸ਼, 19 ਮਾਰਚ 2024: ਭਾਰਤੀ ਚੋਣ ਕਮਿਸ਼ਨ ਵੱਲੋਂ 16 ਮਾਰਚ, 2024 ਨੂੰ ਲੋਕ ਸਭਾ ਚੋਣਾਂ-2024 ਦੇ ਐਲਾਨ ਦੇ ਨਾਲ ਹੀ ਪੂਰੇ ਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ, ਰਾਜ ਦੇ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਗੈਰ-ਕਾਨੂੰਨੀ ਸ਼ਰਾਬ ‘ਤੇ ਪਾਬੰਦੀ ਲਗਾਉਣ ਅਤੇ ਮੁਫਤ ਤੋਹਫ਼ੇ ਜਾਂ ਕੀਮਤੀ ਧਾਤਾਂ ਅਤੇ ਗਹਿਣਿਆਂ ਦੀ ਪੇਸ਼ਕਸ਼ ‘ਤੇ ਪਾਬੰਦੀ ਲਗਾਉਣ ਲਈ ਇੱਕ ਵਿਸ਼ਾਲ ਮੁਹਿੰਮ ਚਲਾਈ ਗਈ ਹੈ।

ਵੱਖ-ਵੱਖ ਜ਼ਿਲ੍ਹਿਆਂ (Himachal Pradesh) ਵਿੱਚ 22 ਅੰਤਰ-ਰਾਜੀ ਚੌਕੀਆਂ ਅਤੇ 59 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਸਰਹੱਦੀ ਇਲਾਕਿਆਂ, ਚੋਰ ਰਸਤਿਆਂ ਅਤੇ ਸੂਬੇ ਦੇ ਅੰਦਰ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ।

ਸਾਰੀਆਂ ਗਠਿਤ ਟੀਮਾਂ ਨੂੰ 24 ਘੰਟੇ ਕਾਰਵਾਈ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਨਾਜਾਇਜ਼ ਸ਼ਰਾਬ ਅਤੇ ਟੈਕਸ ਚੋਰੀ ਦੇ ਮਾਮਲਿਆਂ ਵਿੱਚ ਜ਼ੀਰੋ ਟਾਲਰੈਂਸ ਨੀਤੀ ਨੂੰ ਯਕੀਨੀ ਬਣਾਇਆ ਜਾ ਸਕੇ।

ਕਮਿਸ਼ਨਰ ਰਾਜ ਕਰ ਅਤੇ ਆਬਕਾਰੀ ਡਾ: ਯੂਨਸ ਨੇ ਬੀਤੇ ਦਿਨ ਇੱਥੇ ਦੱਸਿਆ ਕਿ ਸੂਬੇ ਭਰ ਵਿੱਚ ਗੈਰ-ਕਾਨੂੰਨੀ ਸ਼ਰਾਬ ਵਿਰੁੱਧ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਬ ਦੇ ਨਜਾਇਜ਼ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵਿੱਤੀ ਸਾਲ ਦੌਰਾਨ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ 16,718 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਹੈ ਅਤੇ ਹਿਮਾਚਲ ਪ੍ਰਦੇਸ਼ ਆਬਕਾਰੀ ਐਕਟ, 2011 ਅਨੁਸਾਰ ਕਾਰਵਾਈ ਕਰਕੇ 1,15,666 ਲੀਟਰ ਸ਼ਰਾਬ ਨਸ਼ਟ ਕੀਤੀ ਗਈ ਹੈ।

24 ਘੰਟੇ ਕੰਮ ਕਰ ਰਹੇ ਕੰਟਰੋਲ ਰੂਮ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੋਲ ਫਰੀ ਨੰਬਰ 18001808062, ਟੈਲੀਫੋਨ ਨੰਬਰ 0177-2620426 ਅਤੇ ਵਟਸਐਪ ਨੰਬਰ 94183-31426 ‘ਤੇ ਨਜਾਇਜ਼ ਸ਼ਰਾਬ ਅਤੇ ਮੁਫ਼ਤ ਤੋਹਫ਼ੇ ਦੀ ਪੇਸ਼ਕਸ਼ ਦੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਸੰਪਰਕ ਕਰਨ ਅਤੇ ਸੂਚਨਾ ਨੂੰ controlroomhq@gmail.com ‘ਤੇ ਸਾਂਝਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।

Scroll to Top