24 ਅਕਤੂਬਰ 2024: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Himachal Chief Minister Sukhwinder Singh Sukhu) ਨੇ ਵੀਰਵਾਰ ਯਾਨੀ ਕਿ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Union Minister Gajendra Singh Shekhawat) ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸੂਬੇ ਵਿੱਚ ਨਵੇਂ ਅਤੇ ਏਕੀਕ੍ਰਿਤ ਸੈਰ ਸਪਾਟਾ ਸਥਾਨਾਂ ਦੇ ਵਿਕਾਸ ਲਈ ਭਾਰਤ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ। ਦੱਸ ਦੇਈਏ ਕਿ ਉਨ੍ਹਾਂ ਕੇਂਦਰੀ ਮੰਤਰੀ ਨੂੰ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮਾਂ ਤਹਿਤ ਸੂਬੇ ਨੂੰ ਸਹਿਯੋਗ ਦੇਣ ਦੀ ਵੀ ਬੇਨਤੀ ਕੀਤੀ ਹੈ।
ਗੋਲਫ ਕੋਰਸ ਦੀ ਉਸਾਰੀ ਲਈ ਫੰਡ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸੂਬੇ ਵਿੱਚ ਟਿਕਾਊ ਵਿਕਾਸ ਅਤੇ ਸੈਰ ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਸੂਬੇ ਵਿੱਚ ਗੋਲਫ ਕੋਰਸਾਂ ਦੀ ਉਸਾਰੀ ਲਈ ਸਹਾਇਤਾ ਅਤੇ ਫੰਡ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੌਂਗ ਡੈਮ ਰਿਜ਼ਰਵਾਇਰ ਨੂੰ ਸਵਦੇਸ਼ ਦਰਸ਼ਨ 2.0 ਤਹਿਤ ਸੈਰ ਸਪਾਟਾ ਸਥਾਨ ਵਜੋਂ ਚੁਣਿਆ ਗਿਆ ਹੈ ਅਤੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਜਲਦੀ ਫੰਡ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਸ਼ਾਦ ਸਕੀਮ ਤਹਿਤ ਚਿੰਤਪੁਰਨੀ ਮੰਦਿਰ ਕੰਪਲੈਕਸ ਦੇ ਵਿਕਾਸ ਲਈ ਸੋਧੀ ਹੋਈ ਡੀ.ਪੀ.ਆਰ ਭਾਰਤ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਅਤੇ ਫੰਡਾਂ ਨੂੰ ਮਨਜ਼ੂਰੀ ਦੇਣ ਲਈ ਬੇਨਤੀ ਕੀਤੀ ਗਈ ਹੈ। ਕੇਂਦਰੀ ਮੰਤਰੀ ਨੇ ਪ੍ਰਸਿੱਧ ਸੈਰ ਸਪਾਟਾ ਕੇਂਦਰਾਂ ਦੇ ਨਿਰਮਾਣ ਲਈ ਪ੍ਰਾਜੈਕਟ ਨੂੰ ਇੱਕ ਮਹੀਨੇ ਦੇ ਅੰਦਰ ਢੁਕਵੇਂ ਪੱਧਰ ‘ਤੇ ਸ਼ੁਰੂ ਕਰਨ ਅਤੇ ਤੇਜ਼ੀ ਨਾਲ ਪ੍ਰਵਾਨਗੀ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਛੇਤੀ ਹੀ ਫੰਡ ਜਾਰੀ ਕਰਨ ਤੋਂ ਇਲਾਵਾ ਸੈਰ ਸਪਾਟਾ ਪ੍ਰਮੋਸ਼ਨ ਗਤੀਵਿਧੀਆਂ ਵਿੱਚ ਸੂਬੇ ਨੂੰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰ ਰਾਮ ਸੁਭਾਗ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।