ਰੂਪਨਗਰ, 28 ਨਵੰਬਰ 2023: ਪੰਜਾਬ ਸਰਕਾਰ ਸੂਬੇ ਦੀ ਤਰੱਕੀ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੇ ਯਤਨਾ ਸਦਕਾ ਰੂਪਨਗਰ ਹਲਕੇ ਦੀ ਹਿਮਾਚਲ ਬਾਰਡਰ ਤੋਂ ਮਾਜਰੀ ਘਾੜ-ਪੁਰਖਾਲੀ-ਹਰੀਪੁਰ-ਸਿਸਵਾਂ ਚੌਕ 21.5 ਕਿਲੋਮੀਟਰ ਲੰਬੀ ਸੜਕ ਦੇ ਨਵੀਨੀਕਰਨ ਨੂੰ ਮਨਜ਼ੂਰੀ ਮਿਲੀ ਹੈ। ਦਿਨੇਸ਼ ਚੱਢਾ ਵਲੋਂ ਅੱਜ ਇਹ ਸੜਕ ਦਾ ਮਾਮਲਾ ਵਿਧਾਨ ਸਭਾ ਵਿਚ ਉਠਾਇਆ ਗਿਆ ਸੀ ਜਿਸ ਉਪਰੰਤ ਇਸ ਸੜਕ ਨੂੰ ਪੰਜਾਬ ਸਰਕਾਰ ਵਲੋਂ ਮਨਜੂਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਰੋਡ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਤਹਿਤ ਹੀ ਉਨ੍ਹਾਂ ਵਲੋਂ ਹਿਮਾਚਲ ਬਾਰਡਰ ਤੋਂ ਮਾਜਰੀ ਘਾੜ-ਪੁਰਖਾਲੀ-ਹਰੀਪੁਰ-ਸਿਸਵਾਂ ਚੌਕ ਸੜਕ ਬਣਾਉਣ ਦੀ ਮੰਗ ਵਿਧਾਨ ਸਭਾ ਵਿਚ ਰੱਖੀ ਗਈ ਸੀ।
ਵਿਧਾਇਕ ਚੱਢਾ ਨੇ ਦੱਸਿਆ ਕਿ ਪੰਜਾਬ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਰੋਪੜ ਜਿਲ੍ਹੇ ਦੇ ਘਾੜ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਹਿਮਚਲ ਬਾਰਡਰ ਤੋਂ ਮਾਜਰੀ ਘਾੜ-ਪੁਰਖਾਲੀ- ਹਰੀਪੁਰ-ਸਿਸਵਾਂ ਚੌਕ ਸੜਕ ਦੀ ਪ੍ਰੋਪੋਜ਼ਲ ਨੂੰ ਪਾਸ ਕਰਕੇ 2.10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਮੌਕੇ ਐਡਵੋਕੇਟ ਚੱਢਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਇਸ ਸੜਕ ਦੇ ਨਵੀਨੀਕਰਨ ਦੀ ਮੰਗ ਰਹੀ ਸੀ ਪਰੰਤੂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਾ ਪਿਆ। ਉਨ੍ਹਾਂ ਕਿਹਾ ਕਿ ਹਲਕੇ ਦੀ ਸੜਕ ਦੇ ਨਾਲ-ਨਾਲ ਦੂਜੇ ਸੂਬੇ ਨੂੰ ਜੋੜਦੀ ਹੈ ਜਿਸ ਕਾਰਨ ਇਸ ਦਾ ਨਵੀਨੀਕਰਨ ਅਤਿ ਜ਼ਰੂਰੀ ਹੋ ਜਾਂਦਾ ਹੈ ਜਿਸ ਤਹਿਤ ਪੰਜਾਬ ਸਰਕਾਰ ਵਲੋਂ ਇਸ ਸੜਕ ਨੂੰ ਬਣਾਉਣ ਲਈ ਪਹਿਲ ਦੇ ਆਧਾਰ ਉਤੇ ਮਨਜ਼ੂਰੀ ਦਿੱਤੀ ਗਈ ਹੈ।