ਜਲੰਧਰ,16 ਜਨਵਰੀ 2023: ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਏਥੇ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇ ਤੇ ਰੇਲਵੇ ਟਰੈਕ ਜਾਮ ਕੀਤਾ। ਇਹ ਜਾਮ ਸਵੇਰੇ ਠੀਕ 11:30 ਵਜੇ ਸ਼ੁਰੂ ਕੀਤਾ ਗਿਆ ਅਤੇ 3:30 ਵਜੇ ਸਮਾਪਤ ਖ਼ਤਮ ਕੀਤਾ ਗਿਆ।ਜਾਮ ਦੌਰਾਨ ਜਿੱਥੇ ਵਿਆਹ ਵਾਲੀਆਂ ਤਿੰਨ ਗੱਡੀਆਂ, 2 ਐਂਬੂਲੈਂਸ ਨੂੰ ਜਾਮ ਖੋਲ ਕੇ ਲਗਾਇਆ ਗਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਰਾਹਤ ਦਿੱਤੀ ਗਈ।
ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੜਕੀ ਤੇ ਰੇਲਵੇ ਆਵਾਜਾਈ ਲਤੀਫ਼ਪੁਰਾ ਦੇ ਮਸਲੇ ਉੱਪਰ ਗੁੰਗੀ,ਬੋਲੀ ਸਰਕਾਰ ਦੀ ਜ਼ੁਬਾਨ ਖੁਲਵਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦਾ ਮੁੜ ਉਸ ਜਗ੍ਹਾ ਉੱਪਰ ਹੀ ਵਸੇਬਾ ਕਰਨ, ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਸਿੰਘ ਸਖ਼ਤ ਕਾਰਵਾਈ ਕਰਨ ਤੱਕ ਮੋਰਚਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਭਗਵੰਤ ਸਿੰਘ ਮਾਨ ਕਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਅਤੇ ਭੂ-ਮਾਫ਼ੀਆ ਦੇ ਥੱਲੇ ਲੱਗੀ ਹੈ, ਲਤੀਫ਼ਪੁਰਾ, ਜ਼ੀਰਾ ਅਤੇ ਹੋਰ ਥਾਈਂ ਲੱਗੇ ਮੋਰਚਿਆਂ ਦੇ ਸੰਬੰਧ ਵਿੱਚ ਮੁੱਖ ਮੰਤਰੀ ਵਲੋਂ ਬੰਦ ਰੱਖੀ ਹੋਈ ਜ਼ੁਬਾਨ ਤੋਂ ਦੇਖੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਾਲੇ ਹੋਏ ਭਰਮ ਚੋਂ ਬਾਹਰ ਨਿਕਲਣਾ ਚਾਹੀਦਾ ਹੈ, ਕਿਉਂਕਿ ਗੁਰੂਆਂ, ਅਕਾਲੀ ਕੂਕਿਆਂ, ਗ਼ਦਰੀ ਬਾਬਿਆਂ,ਭਗਤ,ਸਰਾਭਿਆ ਦੇ ਵਾਰਸ ਹੰਬਣ,ਥੱਕਣ ਵਾਲੇ ਨਹੀਂ। ਸਰਕਾਰ ਕੰਧ ਉੱਪਰ ਲਿਖਿਆ ਪੜ੍ਹ ਲਵੇ ਕਿ “ਜਿੱਥੇ ਜ਼ਬਰ ਹੈ,ਉੱਥੇ ਟਾਕਰਾ ਵੀ ਹੈ” ਦੇ ਸਿਧਾਂਤ ਉੱਪਰ ਪੈਹਿਰਾ ਦਿੰਦੇ ਸੰਘਰਸ਼ਸ਼ੀਲ ਲੋਕਾਂ ਵਲੋਂ ਅੰਤਿਮ ਜਿੱਤ ਤੱਕ ਸੰਘਰਸ਼ ਲੜਿਆ ਜਾਵੇਗਾ।
ਆਗੂਆਂ ਕਿਹਾ ਕਿ ਲਤੀਫਪੁਰੇ ਦਾ ਉਜਾੜਾ ਸੋਚੀ ਸਮਝੀ ਸਾਜ਼ਿਸ਼ ਤਹਿਤ ਕੁਝ ਲੋਕਾਂ ਨੂੰ ਮੁਨਾਫ਼ੇ ਪਹੁੰਚਾਉਣ ਲਈ ਕੀਤਾ ਗਿਆ ਹੈ। ਜਿਹੜਾ ਇੰਮਪਰੂਵਮੈਂਟ ਟਰੱਸਟ ਆਪਣਾ ਇਸ ਜਗ੍ਹਾ ਤੇ ਹੱਕ ਜਤਾਉਂਦਾ ਹੈ ਉਸਨੇ ਤੇ ਪੰਜਾਬ ਆਪ ਸਰਕਾਰ ਨੇ ਇਹ ਭੋਰਾ ਵੀ ਨਹੀਂ ਸੋਚਿਆ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਪਰਿਵਾਰ ਇੱਥੇ ਵਸੇ ਸਨ। ਸਰਕਾਰ ਦਾ ਤਾਂ ਫਰਜ਼ ਬਣਦਾ ਸੀ ਕਿ ਉਨਾਂ ਨੂੰ ਪੱਕੀ ਅਲਾਟਮੈਂਟ ਕਰਦੇ ਪਰ ਵਿਕਾਸ ਦੇ ਰੱਥ ਤੇ ਸਵਾਰ ਇਹ ਭਾਜਪਾ ਦੀ ਬੀ ਟੀਮ ਵਲੋਂ ਲੋਕਾਂ ਨੂੰ ਹੀ ਬੱਚਿਆਂ ਬਜ਼ੁਰਗਾਂ ਸਮੇਤ ਪੋਹ ਮਾਘ ਦੀ ਠੰਡ ਚ ਖੁੱਲ੍ਹੇ ਆਸਮਾਨ ਹੇਠ ਰੁਲਣ ਲਈ ਛੱਡ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਚ ਆਪਣੀ ਗੈਰ-ਗੰਭੀਰਤਾ ਦਿਖਾ ਰਹੀ ਹੈ। ਸਰਕਾਰ ਅਤੇ ਇੱਥੋਂ ਦਾ ਪ੍ਰਸ਼ਾਸਨ ਇਸ ਹੱਦ ਤੱਕ ਗਿਰ ਗਿਆ ਹੈ ਕਿ ਲੋਕਾਂ ਲਈ ਨਾ ਖਾਣ ਪੀਣ ,ਨਾ ਹੀ ਬਾਥਰੂਮ ਦਾ ਪ੍ਰਬੰਧ ਕਰ ਸਕੀ ।ਲੋਕ ਰੋਜ਼ ਬੀਮਾਰ ਹੋ ਰਹੇ ਹਨ ਸਰਕਾਰ ਵਲੋਂ ਕੋਈ ਵੀ ਮੈਡੀਕਲ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਮੋਰਚੇ ਦੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਦੇ ਨਿਪਟਾਰੇ ਲਈ ਦਿਨ ਰਾਤ ਦਾ ਮੋਰਚਾ ਜਾਰੀ ਰੱਖਦਿਆ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਗਵਰਨਰ ਪੰਜਾਬ ਸਰਕਾਰ ਦੀ ਆਮਦ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਯੁਕਤ ਕਿਸਾਨ ਮੋਰਚਾ ਵਲੋਂ ਲਤੀਫ਼ਪੁਰਾ ਮੋਰਚਾ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।
ਇਸ ਦੌਰਾਨ ਬਲਕਾਰ ਸਿੰਘ ਧੰਨੋ ਵਾਲੀ ਅਤੇ ਤੀਰਥ ਸਿੰਘ ਲੰਬੜਦਾਰ ਅਤੇ ਉਹਨਾਂ ਦੀ ਟੀਮ ਆਦਿ ਵਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਲਤੀਫ਼ਪੁਰਾ ਮੋਰਚਾ ਦੇ ਆਗੂ ਡਾਕਟਰ ਗੁਰਦੀਪ ਸਿੰਘ ਭੰਡਾਲ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਅਵਤਾਰ ਸਿੰਘ ਰਸੂਲਪੁਰ,ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਸਿੰਘ ਮੱਲੀ ਨੰਗਲ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ,ਹੰਸ ਰਾਜ ਪੱਬਵਾਂ, ਸੁਖਜੀਤ ਸਿੰਘ ਡਰੋਲੀ, ਸੰਤੋਖ ਸਿੰਘ ਬਿਲਗਾ,ਸਿਕੰਦਰ ਸੰਧੂ, ਸੰਦੀਪ ਅਰੋੜਾ,ਨਿਰਮਲ ਸਿੰਘ ਮਲਸੀਆਂ, ਮੰਗਲਜੀਤ ਪੰਡੋਰੀ,ਜਸਵੀਰ ਕੌਰ ਜੱਸੀ, ਬਲਿਹਾਰ ਕੌਰ, ਰਾਜਵਿੰਦਰ ਕੌਰ,ਰੀਟਾ ਦੇਵੀ,ਪਰਮਜੀਤ ਸਿੰਘ ਜੱਬੋਵਾਲ,ਨਿਰਮਲ ਸਿੰਘ ਸ਼ੇਰਪੁਰ ਸੱਧਾ,ਮੱਖਣ ਸਿੰਘ ਕੰਦੋਲਾ,ਬੋਹੜ ਸਿੰਘ ਹਜ਼ਾਰਾ, ਮਹਿੰਦਰ ਸਿੰਘ ਬਾਜਵਾ, ਮਨਦੀਪ ਸਿੰਘ ਸਮਰਾ,ਮੋਹਨ ਸਿੰਘ ਫੌਜੀ ਜਮਸ਼ੇਰ, ਸੁਖਦਿਆਲ ਸਿੰਘ ਕਾਦੀਆਂ, ਤਰਸੇਮ ਸਿੰਘ ਕੋਟਲੀ, ਲਖਵੀਰ ਸਿੰਘ ਸੌਂਟੀ ਆਦਿ ਨੇ ਸੰਬੋਧਨ ਕੀਤਾ।