ਚੰਡੀਗੜ੍ਹ, 21 ਨਵੰਬਰ 2025: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਹੈ। ਇਸ ਸਬੰਧੀ ਹਾਈ ਕੋਰਟ ਦੀ ਆਫ਼ਿਸ਼ੀਅਲ ਨੋਟੀਫਿਕੇਸ਼ਨ ਮੁਤਾਬਕ ਐਡਵੋਕੇਟ ਐਕਟ 1961 ਦੀ ਧਾਰਾ 16(2) ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਾਰੀਖ਼ ਤੋਂ ਮਨਿੰਦਰਜੀਤ ਬੇਦੀ ਨੂੰ ਇਸ ਅਹੁਦੇ ‘ਤੇ ਨਾਮਜ਼ਦ ਕੀਤਾ ਹੈ।
ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਬਠਿੰਡਾ ਜ਼ਿਲ੍ਹੇ ਦੇ ਫੂਲ ਸ਼ਹਿਰ ਨਾਲ ਸਬੰਧਤ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸਾਲ 2005 ‘ਚ ਕਾਨੂੰਨ ‘ਚ ਗ੍ਰੈਜੂਏਟ ਕੀਤੀ | ਉਨ੍ਹਾਂ ਨੇ ਆਪਣੇ ਚਾਚੇ ਦੀ ਅਗਵਾਈ ਹੇਠ ਰਾਮਪੁਰਾ ਫੂਲ ਵਿਖੇ ਪ੍ਰੈਕਟਿਸ ਕਰਦਿਆਂ ਕਾਨੂੰਨੀ ਖੇਤਰ ‘ਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ।
ਮਨਿੰਦਰਜੀਤ ਸਿੰਘ ਸਾਲ 2009 ‘ਚ ਚੰਡੀਗੜ੍ਹ ਆ ਗਏ ਅਤੇ ਸੰਵਿਧਾਨਕ, ਸਿਵਲ, ਅਪਰਾਧਿਕ, ਸਰਵਿਸ, ਮਾਲੀਆ ਅਤੇ ਕਾਰਪੋਰੇਟ ਮਾਮਲਿਆਂ ‘ਚ ਇੱਕ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਕਾਰਜਕਾਲ ‘ਚ ਪੀ.ਐਸ.ਪੀ.ਸੀ.ਐਲ., ਪੀ.ਟੀ.ਯੂ, ਯੂ.ਐਲ.ਬੀਜ਼ ਅਤੇ ਪਨਗ੍ਰੇਨ ਵਰਗੀਆਂ ਪ੍ਰਮੁੱਖ ਰਾਜ ਸੰਸਥਾਵਾਂ ਲਈ ਪੈਨਲ ਵਕੀਲ ਵਜੋਂ ਸੇਵਾ ਨਿਭਾਉਣਾ ਸ਼ਾਮਲ ਹੈ।
ਮਨਿੰਦਰਜੀਤ ਸਿੰਘ ਬੇਦੀ ਨੇ ਜੁਲਾਈ 2023 ਤੋਂ ਮਾਰਚ 2025 ਤੱਕ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਉਂਦਿਆਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਸਾਹਮਣੇ ਪੰਜਾਬ ਵੱਲੋਂ ਪੱਖ ਰੱਖਿਆ। ਇਸ ਸਾਲ ਮਾਰਚ 2025 ‘ਚ ਉਨ੍ਹਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ।
Read More: ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮਿਲੀ ਨਿਯਮਤ ਜ਼ਮਾਨਤ




