ਚੰਡੀਗੜ੍ਹ , 6 ਅਗਸਤ 2021 : ਮੋਹਾਲੀ ਮੈਰੀਟੋਰੀਅਸ ਸਕੂਲ ਦੇ ਵਿੱਚ ਸੈਕਟਰ-70 ਦਾ ਇੱਕ ਵਿਦਿਆਰਥੀ ਫਾਂਸੀ ਨਾਲ ਲਟਕਾ ਦਾ ਮਿਲਿਆ | ਜਿਸ ਨੂੰ ਆਤਮ ਹੱਤਿਆ ਦਾ ਮਾਮਲਾ ਦੱਸਿਆ ਜਾ ਰਿਹਾ ਹੈ , ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਨੇ ਆਤਮ ਹੱਤਿਆ ਨਹੀਂ ਕੀਤੀ ,ਬਲਕਿ ਉਹਨਾਂ ਦੇ ਬੱਚੇ ਦਾ ਕਤਲ ਕਰਕੇ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ |
ਪੋਸਟਮਾਰਟਮ ਰਿਪੋਰਟ ਦੇ ਵਿੱਚ ਬੱਚੇ ਦੀ ਮੌਤ ਦਮ ਘੁਟਣ ਨਾਲ ਦੱਸੀ ਜਾ ਰਹੀ ਹੈ ,ਉੱਥੇ ਹੀ ਪਰਿਵਾਰ ਦੇ ਬਿਆਨਾ ਤੇ ਮਟੌਰ ਥਾਣਾ ਪੁਲਿਸ ਨੇ ਸਕੂਲ ਦੇ ਖਿਲਾਫ ਆਈਪੀਸੀ ਧਾਰਾ 304 ਏ ਦੇ ਤਹਿਤ ਲਾਪਰਵਾਹੀ ਦਾ ਕੇਸ ਦਰਜ਼ ਕਰ ਲਿਆ ਹੈ |ਸੈਕਟਰ-70 ਦੇ ਮਟੌਰ ‘ਚ ਸਥਿਤ ਮੈਰੀਟੋਰੀਅਸ ਸਕੂਲ ਪੰਜਾਬ ਸਰਕਾਰ ਦੇ ਵੱਲੋ ਚਲਾਇਆ ਜਾ ਰਿਹਾ ਹੈ |
ਮ੍ਰਿਤਕ ਹਰਮਨਜੀਤ ਸਿੰਘ 17 ਸਾਲਾਂ 11ਵੀਂ ਜਮਾਤ (ਮੈਡੀਕਲ )ਦਾ ਵਿਦਿਆਰਥੀ ਸੀ | ਉਸਦੇ ਮਾਤਾ-ਪਿਤਾ ਨੇ ਦੱਸਿਆ ਕਿ ਕਰੀਬ 7.53 ਤੇ ਉਹਨਾਂ ਨੂੰ ਫੋਨ ਆਇਆ ਕਿ ਹਰਮਨਪ੍ਰੀਤ ਸਿੰਘ ਦੀ ਤਬੀਅਤ ਖ਼ਰਾਬ ਹੈ ,ਤੁਸੀ ਜਲਦੀ ਮੋਹਾਲੀ ਆ ਜਾਉ |
ਫਿਰ ਪ੍ਰਿੰਸੀਪਲ ਦਾ ਫੋਨ ਆਇਆ ਕਿ ਤੁਸੀ ਆਪਣੀ ਗੱਡੀ ਨਾਲ ਲੈ ਕੇ ਆਉਣਾ ਜਦ ਹਰਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਹਰਮਨਪ੍ਰੀਤ ਨਾਲ ਗੱਲ ਕਰਵਾਉ ਤਾਂ ਪ੍ਰਿੰਸੀਪਲ ਨੇ ਹਰਮਨਪ੍ਰੀਤ ਨੂੰ ਆਵਾਜ਼ ਦਿੱਤੀ ਕਿ ਹਰਮਨਪ੍ਰੀਤ ਆਪਣੇ ਪਿਤਾ ਨਾਲ ਗੱਲ ਕਰ ਲੈ ਫਿਰ ਬਿਨਾ ਗੱਲ ਕਰਵਾਏ ਫੋਨ ਕੱਟ ਦਿੱਤਾ ਗਿਆ |
ਉਸ ਤੋਂ ਬਾਅਦ ਵਿੱਚ ਹੋਸਟਲ ਦੀ ਵਾਰਡਨ ਨੇ ਫੋਨ ਕੀਤਾ ਕਿ ਫੇਸ-6 ਦੇ ਹਸਪਤਾਲ ਆ ਜਾਣਾ |ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਹਰਮਨਪ੍ਰੀਤ ਦੀ ਮੌਤ ਬਾਰੇ ਬਿਲਕੁਲ ਨਹੀਂ ਦੱਸਿਆ ਗਿਆ , ਜਦੋ ਉਹਨਾਂ ਨੇ ਹਰਮਨਪ੍ਰੀਤ ਦੀ ਲਾਸ਼ ਵੇਖੀ ਤਾਂ ਉਹ ਹੈਰਾਨ ਰਹਿ ਗਏ ,ਉਸਦੇ ਚੇਹਰੇ ਤੇ ਸਰੀਰ ਦੇ ਉੱਤੇ ਮਾਰ-ਕੁੱਟ ਦੇ ਨਿਸ਼ਾਨ ਸੀ |
ਹਰਮਨਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਸ ਤੋਂ ਬਾਅਦ ਉਹ ਆਪਣੇ ਭਰਾ ਨਾਲ ਸਿੱਧਾ ਸਕੂਲ ਗਏ ਤੇ ਉਥੋਂ ਥਾਣਾ ਮਟੌਰ ਐਸਐਚਉ ਰਾਜੀਵ ਕੁਮਾਰ ਨੇ ਦੱਸਿਆ ਕਿ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ ਗਿਆ | ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਦੇ ਖਿਲਾਫ ਆਈਪੀਸੀ ਧਾਰਾ 304 ਏ ਦਰਜ਼ ਕਰ ਦਿੱਤੀ ਗਈ ਹੈ |
ਜੇਕਰ ਆਤਮ ਹੱਤਿਆ ਦਾ ਮਾਮਲਾ ਹੋਇਆ ਤਾਂ ਉਹ ਧਾਰਾ ਵੀ ਨਾਲ ਜੋੜ ਦਿੱਤੀ ਜਾਵੇਗੀ |ਜਿਸ ਨੂੰ ਲੈ ਕੇ ਹੁਣ ਮੋਹਾਲੀ ਮੈਰੀਟੋਰੀਅਸ ਸਕੂਲ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ |