July 7, 2024 12:12 pm
Hardial Singh Kamboj

ਹਾਈਕੋਰਟ ਨੇ ਹਰਦਿਆਲ ਸਿੰਘ ਕੰਬੋਜ ਨੂੰ ਦਿੱਤੀ ਜ਼ਮਾਨਤ, ਗ੍ਰਿਫ਼ਤਾਰੀ ‘ਤੇ ਲਗਾਈ ਰੋਕ

ਪਟਿਆਲਾ, 23 ਜਨਵਰੀ 2023: ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ (Hardial Singh Kamboj)  ਨੂੰ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ’ਤੇ ਰੋਕ ਲੱਗਾ ਦਿੱਤੀ ਹੈ। ਕੁੱਝ ਸਮਾਂ ਪਹਿਲਾਂ ਰਾਜਪੁਰਾ ਵਿਖੇ ਹੀ ਇੱਕ ਪੱਤਰਕਾਰ ਵੱਲੋਂ ਖੁਦਕੁਸ਼ੀ ਦੇ ਮਾਮਲੇ ਵਿੱਚ ਉਨ੍ਹਾਂ ‘ਤੇ ਸਿਆਸੀ ਰੰਜਿਸ਼ ਤਹਿਤ ਕੇਸ ਰਜਿਸਟਰਡ ਕਰਵਾ ਦਿੱਤਾ ਗਿਆ ਸੀ।

ਮਾਣਯੋਗ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਆਖਿਆ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਉਹ ਦੋ ਹਫਤੇ ਵਿੱਚ ਆਪਣੇ ਸਹੂਲਤ ਅਨੁਸਾਰ ਇਨਵੈਸਟੀਗੇਸ਼ਨ ਅਫਸਰ ਕੋਲ ਇਨਵੈਸਟੀਗੇਸ਼ਨ ਜੁਆਇਨ ਕਰਨਗੇ। ਹਾਈਕੋਰਟ ਨੇ ਪੁਲਿਸ ਵੱਲੋਂ ਦਰਜ ਕੀਤੇ ਇਸ ਕੇਸ ਵਿੱਚ ਕੋਈ ਬਹੁਤਾ ਵਜਨ ਨਹੀਂ ਸਮਝਿਆ ਕਿਉਂਕਿ ਖੁਦਕੁਸ਼ੀ ਕਰਨ ਵਾਲੇ ਨੇ 40 ਮਹੀਨੇ ਪਹਿਲਾਂ ਦਾ ਵਾਕਿਆ ਆਪਣੇ ਖੁਦਕੁਸ਼ੀ ਨੋਟ ਵਿੱਚ ਦੱਸਿਆ ਸੀ।

ਮਾਣਯੋਗ ਹਾਈਕੋਰਟ ਤੋਂ ਜਮਾਨਤ ਮਿਲਣ ਨਾਲ ਹਰਦਿਆਲ ਸਿੰਘ ਕੰਬੋਜ (Hardial Singh Kamboj) ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰੱਥਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਨ੍ਹਾਂ ਨੂੰ ਮਾਣਯੋਗ ਹਾਈਕੋਰਟ ‘ਤੇ ਅਤੇ ਉਸ ਪ੍ਰਮਾਤਮਾ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਆਖਿਆ ਕਿ ਸੱਚ ਨੇ ਸੱਚ ਹੀ ਰਹਿਣਾ ਹੈ ਅਸੀਂ ਪਹਿਲੇ ਦਿਨ ਤੋਂ ਇਹ ਹਾਲ ਦੁਹਾਈ ਪਾ ਰਹੇ ਹਾਂ ਕਿ ਇਹ ਕੇਸ ਗਲਤ ਦਰਜ ਕੀਤਾ ਗਿਆ ਹੈ।

ਉਧਰੋਂ ਹਰਦਿਆਲ ਸਿੰਘ ਕੰਬੋਜ ਵੱਲੋਂ ਪੇਸ਼ ਹੋਈ ਐਡਵੋਕੇਟ ਦੀ ਟੀਮ ਦੇ ਸੀਨੀਅਰ ਮੈਂਬਰ ਦਾ ਕਹਿਣਾ ਹੈ ਕਿ ਮਾਣਯੋਗ ਹਾਈਕੋਰਟ ਨੇ ਇਸ ਗੱਨ ਨੂੰ ਬੇਹਦ ਗੰਭੀਰਤਾ ਨਾਲ ਲਿਆ ਕਿ ਇਸ ਕੇਸ ਵਿੱਚੋਂ ਸਿਆਸੀ ਬਦਬੂ ਆਉਂਦੀ ਹੈ। ਉਨ੍ਹਾਂ ਆਖਿਆ ਕਿ ਖੁਦਕੁਸ਼ੀ ਕਰਨ ਵਾਲੇ ਦਾ ਹਰਦਿਆਲ ਸਿੰਘ ਕੰਬੋਜ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਸੀ ਪਰ ਫਿਰ ਵੀ ਅਜਿਹਾ ਕੇਸ ਦਰਜ ਕਰਨਾ ਮੰਦਭਾਗੀ ਘਟਨਾ ਹੈ। ਐਡਵੋਕੇਟ ਨੇ ਆਖਿਆ ਕਿ ਮਾਣਯੋਗ ਹਾਈਕੋਰਟ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਇਹ ਹੁਕਮ ਸੁਣਾਏ ਹਨ।

ਖੁਦਕੁਸ਼ੀ ਕਰਨ ਵਾਲੇ ‘ਤੇ ਪਹਿਲਾਂ ਹੀ ਹਨ 10 ਦੇ ਕਰੀਬ ਪਰਚੇ ਦਰਜ

ਰਾਜਪੁਰਾ ਵਿਖੇ ਖੁਦਕੁਸ਼ੀ ਕਰਨ ਵਾਲੇ ਇੱਕ ਯੂ ਟਿਊਬ ਦੇ ਪੱਤਰਕਾਰ ‘ਤੇ ਪਹਿਲਾਂ ਵੀ ਪਿਛਲੇ ਸਾਲਾਂ ਵਿੱਚ ਇਕ ਦਰਜਨ ਦੇ ਕਰੀਬ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਕਈ ਕੇਸ ਬਲੈਕਮੇਲਿੰਗ ਦੇ ਦਰਜ ਹਨ। ਇਹ ਬਕਾਇਦਾ ਤੌਰ ‘ਤੇ ਪੁਲਿਸ ਰਿਕਾਰਡ ਵਿੱਚ ਹਨ। ਇੱਥੋਂ ਤੱਕ ਕਿ ਜਲੰਧਰ ਅੰਬਾਲਾ ਵਿਖੇ ਵੀ ਦੋ ਕੇਸ ਦਰਜ ਹੋਏ ਪਏ ਹਨ ਤੇ ਘੱਟੋ ਘੱਟ 8 ਤੋਂ ਵੱਧ ਕੇਸ ਰਾਜਪੁਰਾ ਵਿਖੇ ਦਰਜ ਕੀਤੇ ਹੋਏ ਹਨ।

ਐਡਵੋਕੇਟ ਦੀ ਟੀਮ ਨੇ ਇਹ ਗੱਲ ਵੀ ਮਾਣਯੋਗ ਹਾਈਕੋਰਟ ਦੇ ਸਾਹਮਣੇ ਲਿਆਂਦੀ ਹੈ। ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਵੀ ਇੱਕ ਅਜਿਹਾ ਹੀ ਕੇਸ ਹੋਇਆ ਸੀ ਕਿ ਖੁਦਕੁਸ਼ੀ ਕਰਨ ਵਾਲੇ ਨੇ ਸਿੱਧੇ ਤੌਰ ‘ਤੇ ਤਿੰਨ ਪੁਲਿਸ ਅਧਿਕਾਰੀਆਂ ਦਾ ਨਾਮ ਲਿਆ ਸੀ ਤੇ ਬਕਾਇਦਾ ਵੀਡਿਓ ਸ਼ੇਅਰ ਕੀਤੀ ਸੀ ਪਰ ਪਟਿਆਲਾ ਪੁਲਿਸ ਨੇ ਉਸ ਸਮੇਂ ਇਹ ਆਖਿਆ ਸੀ ਕਿ ਖੁਦਕੁਸ਼ੀ ਕਰਨ ਵਾਲੇ ਵਿਅਕਤੀ ‘ਤੇ ਇੱਕ ਦਰਜਨ ਕੇਸ ਦਰਜ ਹਨ। ਇਸ ਲਈ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਹਰਦਿਆਲ ਸਿੰਘ ਕੰਬੋਜ ਦੇ ਕੇਸ ਵਿੱਚ ਬਿਲਕੁੱਲ ਉਲਟ ਕੀਤਾ ਗਿਆ, ਜਿਸ ਕਾਰਨ ਸਭ ਧਿਰਾਂ ਹੈਰਾਨ ਸਨ।