ਚੰਡੀਗੜ੍ਹ, 07 ਮਈ 2025: ਭਾਰਤ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ‘ਚ ਅੱ.ਤ.ਵਾ.ਦੀ ਕੈਂਪਾਂ ‘ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ ਅਤੇ ਦੇਸ਼ ਭਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਨ ਉੱਤਰੀ ਅਤੇ ਪੱਛਮੀ ਭਾਰਤ ਦੇ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਨ੍ਹਾਂ ਬੰਦ ਕੀਤੇ ਗਏ ਹਵਾਈ ਅੱਡਿਆਂ ‘ਚ ਸ੍ਰੀਨਗਰ, ਜੰਮੂ, ਲੇਹ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਸ਼ਿਮਲਾ, ਧਰਮਸ਼ਾਲਾ ਅਤੇ ਜਾਮਨਗਰ ਸ਼ਾਮਲ ਹਨ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਉਡਾਣ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੁਣ ਤੱਕ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਕੱਲੇ ਇੰਡੀਗੋ ਨੇ ਲਗਭਗ 165 ਉਡਾਣਾਂ ਰੱਦ ਕੀਤੀਆਂ ਹਨ। ਦਿੱਲੀ ਹਵਾਈ ਅੱਡੇ ਤੋਂ 35 ਤੋਂ ਵੱਧ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਇਸਦੇ ਨਾਲ ਹੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇੰਡੀਗੋ ਏਅਰਲਾਈਨਜ਼ ਨੇ ਮੰਗਲਵਾਰ ਨੂੰ ਸ਼੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ ਅਤੇ ਜੋਧਪੁਰ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ’ਤੇ ਪੋਸਟ ਕੀਤਾ ਅਤੇ ਕਿਹਾ ਕਿ ਦੇਸ਼ ਭਰ ‘ਚ ਉਡਾਣ ਦੇ ਸ਼ਡਿਊਲ ‘ਚ ਬਦਲਾਅ ਹੋ ਸਕਦੇ ਹਨ। ਇੰਡੀਗੋ ਨੇ ਯਾਤਰੀਆਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਵੀ ਦਿੱਤੀ ਹੈ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਏਅਰ ਇੰਡੀਆ ਨੇ 10 ਮਈ ਸਵੇਰੇ 5:29 ਵਜੇ ਤੱਕ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਯਾਤਰੀਆਂ ਨੂੰ ਟਿਕਟਾਂ ਰੱਦ ਕਰਨ ਜਾਂ ਮੁੜ ਸ਼ਡਿਊਲ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।
ਇਸ ਦੇ ਨਾਲ ਹੀ ਸਪਾਈਸਜੈੱਟ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੰਡੀਗੋ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਯਾਤਰੀਆਂ ਨੂੰ ਪੂਰੀ ਰਿਫੰਡ ਜਾਂ ਵਿਕਲਪਿਕ ਉਡਾਣ ਦਾ ਵਿਕਲਪ ਦਿੱਤਾ ਜਾਵੇਗਾ। ਜਦੋਂ ਕਿ ਕਤਰ ਏਅਰਵੇਜ਼ ਨੇ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਪਾਕਿਸਤਾਨ ਲਈ ਉਡਾਣਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਹਨ।
Read More: Operation Sindoor: ਭਾਰਤ ਨੇ ਪੀਓਕੇ ‘ਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੀ ਏਅਰ ਸਟ੍ਰਾਈਕ, ਦਾਗੀਆਂ ਕਈ ਮਿਸਾਇਲ