June 30, 2024 8:34 pm
Heroin

ਤਰਨ ਤਾਰਨ ‘ਚ ਡਰੋਨ ਰਾਹੀਂ ਸੁੱਟੀ 15 ਕਰੋੜ ਦੀ ਹੈਰੋਇਨ BSF ਤੇ ਪੁਲਿਸ ਵੱਲੋਂ ਬਰਾਮਦ

ਤਰਨ ਤਾਰਨ, 15 ਮਾਰਚ 2024: ਤਰਨ ਤਾਰਨ ‘ਚ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰ ਡਰੋਨ ਰਾਹੀਂ ਭੇਜੀ ਗਈ 3 ਕਿੱਲੋ ਹੈਰੋਇਨ (Heroin) ਨੂੰ ਸੂਚਨਾ ਦੇ ਆਧਾਰ ‘ਤੇ ਥਾਣਾ ਖੇਮਕਰਨ ਦੀ ਪੁਲਿਸ ਅਤੇ ਬੀ. ਐੱਸ. ਐੱਫ. ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਬ-ਡਿਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਸਰਹੱਦੀ ਇਲਾਕਾ ਖੇਮਕਰਨ ਅਧੀਨ ਆਉਂਦੇ ਬੀ. ਓ. ਪੀ. ਟੀ-ਬੰਦ ਰਾਹੀਂ ਡਰੋਨ ਦਾਖ਼ਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ।

ਇਸ ਦੌਰਾਨ ਬੀ. ਐੱਸ. ਐੱਫ. ਅਤੇ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪਿੰਡ ਮਹਿੰਦੀਪੁਰ ਵਿਖੇ ਹਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਘਰ ਵਿੱਚ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ (Heroin) ਦੇ ਵਜ਼ਨਦਾਰ ਪੈਕਟ ਨੂੰ ਮੱਝਾਂ ਦੇ ਸ਼ੈੱਡ ‘ਚੋਂ ਬਰਾਮਦ ਕਰ ਲਿਆ ਗਿਆ ਹੈ।

ਇਸ ਦਾ ਵਜ਼ਨ 2 ਕਿੱਲੋ, 998 ਗ੍ਰਾਮ ਬਣਦਾ ਹੈ।ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਥਾਣਾ ਖੇਮਕਰਣ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਡਰੋਨ ਦੀ ਭਾਲ ਸਬੰਧੀ ਤਲਾਸ਼ੀ ਮੁਹਿੰਮ ਜਾਰੀ ਹੈ |