ਹਾਥੀਆਂ ਦਾ ਝੁੰਡ

ਅਸਾਮ ‘ਚ ਰਾਜਧਾਨੀ ਐਕਸਪ੍ਰੈਸ ਦੀ ਲਪੇਟ ‘ਚ ਆਇਆ ਹਾਥੀਆਂ ਦਾ ਝੁੰਡ, 7 ਹਾਥੀਆਂ ਦੀ ਮੌ.ਤ

ਅਸਾਮ, 20 ਦਸੰਬਰ 2025: ਸ਼ਨੀਵਾਰ ਸਵੇਰੇ ਅਸਾਮ ਦੇ ਹੋਜਾਈ ਜ਼ਿਲ੍ਹੇ ‘ਚ ਹਾਥੀਆਂ ਦੇ ਝੁੰਡ ਦੀ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਸੱਤ ਹਾਥੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਹਾਥੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਦਾ ਇੰਜਣ ਅਤੇ ਪੰਜ ਡੱਬੇ ਵੀ ਪਟੜੀ ਤੋਂ ਉਤਰ ਗਏ।

ਇਹ ਹਾਦਸਾ ਸਵੇਰੇ 2:17 ਵਜੇ ਚਾਂਗਜੁਰਾਈ ਪਿੰਡ ਨੇੜੇ ਵਾਪਰਿਆ। ਸ਼ੁਰੂ ‘ਚ ਅੱਠ ਹਾਥੀਆਂ ਦੇ ਮਾਰੇ ਜਾਣ ਦੀ ਖ਼ਬਰ ਸੀ, ਪਰ ਬਾਅਦ ‘ਚ ਪੁਸ਼ਟੀ ਹੋਈ ਕਿ ਇੱਕ ਬੱਚਾ ਹਾਥੀ ਜ਼ਿੰਦਾ ਹੈ ਅਤੇ ਗੰਭੀਰ ਜ਼ਖਮੀ ਹੈ। ਹਾਦਸੇ ‘ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।

ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਕਿਹਾ ਕਿ ਇਲਾਕੇ ‘ਚ ਸੰਘਣੀ ਧੁੰਦ ਕਾਰਨ ਹਾਦਸਾ ਹੋਣ ਦਾ ਸ਼ੱਕ ਹੈ। ਮ੍ਰਿਤਕ ਹਾਥੀਆਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਦੋਂ ਕਿ ਸਥਾਨਕ ਪਸ਼ੂਆਂ ਦੇ ਡਾਕਟਰ ਜ਼ਖਮੀ ਹਾਥੀ ਦਾ ਇਲਾਜ ਕਰ ਰਹੇ ਹਨ।

ਉੱਤਰ-ਪੂਰਬੀ ਸਰਹੱਦੀ ਰੇਲਵੇ (ਐਨਐਫਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕਪਿੰਜਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਇਹ ਹਾਦਸਾ ਗੁਹਾਟੀ ਤੋਂ ਲਗਭਗ 126 ਕਿਲੋਮੀਟਰ ਦੂਰ ਲੁਮਡਿੰਗ ਡਿਵੀਜ਼ਨ ਦੇ ਜਮੁਨਾਮੁਖ-ਕਾਨਪੁਰ ਸੈਕਸ਼ਨ ‘ਚ ਹੋਇਆ। ਹਾਦਸੇ ਵਾਲੀ ਥਾਂ ਅਧਿਕਾਰਤ ਹਾਥੀ ਕੋਰੀਡੋਰ ਨਹੀਂ ਹੈ।

ਅਧਿਕਾਰੀ ਦੇ ਮੁਤਾਬਕ ਹਾਥੀਆਂ ਦਾ ਇੱਕ ਝੁੰਡ ਅਚਾਨਕ ਟ੍ਰੇਨ ਦੇ ਸਾਹਮਣੇ ਆ ਗਿਆ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾਈ, ਪਰ ਹਾਥੀ ਫਿਰ ਵੀ ਟ੍ਰੇਨ ਨਾਲ ਟਕਰਾ ਗਏ। ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਹਾਥੀਆਂ ਦਾ ਅੰਤਿਮ ਸਸਕਾਰ ਘਟਨਾ ਸਥਾਨ ਦੇ ਨੇੜੇ ਕੀਤਾ ਜਾਵੇਗਾ।

Read More: ਮਥੁਰਾ ਦੇ ਯਮੁਨਾ ਐਕਸਪ੍ਰੈਸਵੇਅ ‘ਤੇ 8 ਬੱਸਾਂ ਤੇ ਕਾਰਾਂ ਵਿਚਾਲੇ ਭਿਆਨਕ ਟੱਕਰ, 13 ਜਣਿਆਂ ਦੀ ਮੌ.ਤ

ਵਿਦੇਸ਼

Scroll to Top