DAP fertilizers

DAP ਤੇ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ ਹੈਲਪਲਾਈਨ ਨੰਬਰ ਜਾਰੀ

ਫਾਜ਼ਿਲਕਾ, 02 ਨਵੰਬਰ 2024: ਪੰਜਾਬ ਸਰਕਾਰ ਨੇ ਡੀ.ਏ.ਪੀ ਸਮੇਤ ਹੋਰ ਖਾਦਾਂ ਦੇ ਨਾਲ-ਨਾਲ ਖਾਦਾਂ ਦੇ ਗੈਰ-ਕਾਨੂੰਨੀ ਭੰਡਾਰਨ, ਕਾਲਾਬਾਜ਼ਾਰੀ ਅਤੇ ਬੇਲੋੜੇ ਰਸਾਇਣਾਂ ਦੀ ਟੈਗਿੰਗ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਹੈ। ਪੰਜਾਬ ਸਰਕਾਰ ਨੇ ਡਾਈ-ਅਮੋਨੀਅਮ ਫਾਸਫੇਟ (DAP) ਜਾਂ ਹੋਰ ਖਾਦਾਂ (DAP fertilizers) ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਗੈਰ-ਕਾਨੂੰਨੀ ਟੈਗਿੰਗ ‘ਚ ਸ਼ਾਮਲ ਕਿਸੇ ਵੀ ਪੈਸਟੀਸਾਈਡ ਡੀਲਰ ਖ਼ਿਲਾਫ਼ ਰਿਪੋਰਟ ਲਈ ਕਿਸਾਨਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ |

ਪੰਜਾਬ ਸਰਕਾਰ ਦੇ ਇਸ ਹੈਲਪਲਾਈਨ ਨੰਬਰਾਂ ‘ਤੇ ਕਿਸਾਨ ਡੀ.ਏ.ਪੀ. ਖਾਦ (DAP fertilizers) ਦੀ ਅਸਲ ਕੀਮਤ ਤੋਂ ਵੱਧ ਰੇਟ ਵਸੂਲਣ, ਗੈਰ-ਕਾਨੂੰਨੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਰਗੇ ਮਸਲਿਆਂ ਦੀ ਰਿਪੋਰਟ ਵੀ ਕਰ ਸਕਣਗੇ । ਇਸ ਬਾਰੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਭ੍ਰਿਸ਼ਟ ਗਤੀਵਿਧੀਆਂ ‘ਚ ਸ਼ਾਮਲ ਪੈਸਟੀਸਾਈਡ ਡੀਲਰਾਂ ਖ਼ਿਲਾਫ ਕਿਸਾਨ ਹੈਲਪਲਾਈਨ ਨੰਬਰ 1100 ‘ਤੇ ਕਾਲ ਕਰਕੇ ਜਾਂ ਸੰਪਰਕ ਨੰਬਰ +91-98555-01076 ‘ਤੇ ਵਟਸਐਪ ਮੈਸੇਜ ਭੇਜ ਕੇ ਕਿਸਾਨ ਸ਼ਿਕਾਇਤ ਦਰਜ ਕਰਵਾ ਸਕਣਗੇ |

ਪੰਜਾਬ ਸਰਕਾਰ ਨੇ ਸਖ਼ਤ ਚਿਤਵਨੀ ਦਿੱਤੀ ਹੈ ਕਿ ਗੈਰ-ਜ਼ਰੂਰੀ ਰਸਾਇਣਾਂ ਨੂੰ ਖਾਦਾਂ ਨਾਲ ਟੈਗ ਕਰਕੇ ਵੇਚਣਾ ਜਾਂ ਖਾਦ ਨੂੰ ਵੱਧ ਕੀਮਤ ‘ਤੇ ਵੇਚਣਾ ਜਾਂ ਖਾਦ ਦੀ ਕਾਲਾਬਾਜ਼ਾਰੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਅਜਿਹੇ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ ਫਰਟੀਲਾਈਜ਼ਰ ਕੰਟਰੋਲ ਆਰਡਰ, 1985 ਅਤੇ ਜ਼ਰੂਰੀ ਵਸਤਾਂ ਐਕਟ, 1955 ਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਸਾਨਾਂ ਨੂੰ ਫਾਸਫੋਰਸ ਦੇ ਬਦਲਵੇਂ ਸਰੋਤਾਂ ਵਜੋਂ ਐਨ.ਪੀ.ਕੇ. (12:32:16), ਟ੍ਰਿਪਲ ਸੁਪਰ ਫਾਸਫੇਟ (ਟੀ.ਐਸ.ਪੀ.) ਅਤੇ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ.) ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ।

ਜਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਬੀਤੇ ਦਿਨ 1 ਅਪ੍ਰੈਲ ਤੋਂ 31 ਅਕਤੂਬਰ 2024 ਤੱਕ ਚਲਾਈ ਗਈ ਗੁਣਵੱਤਾ ਨਿਯੰਤਰਣ ਮੁਹਿੰਮ ਦੇ ਅੰਕੜੇ ਸਾਂਝੇ ਕੀਤੇ ਸਨ | ਉਨ੍ਹਾਂ ਦੱਸਿਆ ਕਿ ਵਿਭਾਗ ਨੇ ਕੀਟਨਾਸ਼ਕਾਂ ਦੇ 2,063 ਨਮੂਨੇ ਇਕੱਤਰ ਕੀਤੇ ਹਨ। ਇਨ੍ਹਾਂ ਦੀ ਜਾਂਚ ਤੋਂ ਬਾਅਦ ਪ੍ਰਾਪਤ ਨਤੀਜਿਆਂ ਦੇ ਆਧਾਰ ‘ਤੇ ਗਲਤ ਬ੍ਰਾਂਡਿੰਗ ਵਾਲੇ 43 ਫਾਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।

Scroll to Top