ਅੰਮ੍ਰਿਤਸਰ, 26 ਅਗਸਤ, 2023: ਉੱਤਰਾਖੰਡ ਵਿੱਚ ਮੌਜੂਦ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ਲਈ ਛੇਤੀ ਹੀ ਹੈਲੀਕੈਪਟਰ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਵੱਲੋਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਤੀ ਗਈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ |
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੂੰ ਕੋਲੋਂ ਮੰਗੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਉਹ ਪਿਛਲੇ ਵਾਰ ਸੱਚਖੰਡ ਸ੍ਰੀ ਦਰਬਾਰ ਮੱਥਾ ਟੇਕਣ ਆਏ ਸਨ, ਉਸ ਵੇਲੇ ਉੱਤਰਾਖੰਡ ਵਿੱਚ ਜੋ ਹਲਾਤ ਬਣੇ ਸਨ, ਉਸ ਵੇਲੇ ਵੀ ਉਹਨਾਂ ਵੱਲੋਂ ਆਪਣੇ ਹੈਲੀਕਾਪਟਰ ਦੀ ਸੇਵਾ ਦੇ ਨਾਲ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕੀਤੀ ਗਈ ਸੀ। ਹੁਣ ਉਹਨਾਂ ਦੇ ਮਨ ਦੇ ਵਿੱਚ ਇੱਕ ਖਵਾਹਿਸ਼ ਹੈ ਕਿ ਉਹ ਜਲਦੀ ਹੀ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ਵੀ ਕਰਨ |
ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਲਈ ਕਈ ਤਰ੍ਹਾਂ ਦੀਆਂ ਮੁਸ਼ਿਕਲਾਂ ਆ ਰਹੀਆਂ ਹਨ ਉਨ੍ਹਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਤੇ ਜੋ 15 ਦੇ ਕਰੀਬ ਸੁਰੰਗਾ ਹਨ ਉਹਨਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਰੇਲ ਟਰੈਕ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਲੋਕਾਂ ਦੇ ਸਫਰ ਨੂੰ ਹੋਰ ਆਸਾਨ ਕੀਤਾ ਜਾ ਸਕੇ।ਗੁਰਮੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਜੋ ਵੀ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਮੰਗ ਰੱਖੀ ਜਾਂਦੀ ਹੈ ਜਲਦ ਤੋਂ ਜਲਦ ਪੂਰਾ ਕਰ ਦਿੰਦੇ ਹਨ |