Helene

Helene: ਅਮਰੀਕਾ ਚੱਕਰਵਾਤੀ ਤੂਫਾਨ ਹੇਲੇਨ ਕਾਰਨ 44 ਮੌ.ਤਾਂ, ਲੱਖਾਂ ਘਰਾਂ ਦੀ ਬਿਜਲੀ ਗੁਲ

ਚੰਡੀਗੜ੍ਹ, 28 ਸਤੰਬਰ 2024: ਅਮਰੀਕਾ ‘ਚ ਚੱਕਰਵਾਤੀ ਤੂਫਾਨ ਹੇਲੇਨ (Cyclone Helene) ਨੇ ਭਾਰੀ ਤਬਾਹੀ ਮਚਾਈ ਹੈ | ਜਿਸਦਾ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਇਸ ਚੱਕਰਵਾਤੀ ਤੂਫਾਨ ਨਾਲ ਅਮਰੀਕਾ ਦੇ ਦੱਖਣ-ਪੂਰਬੀ ਇਲਾਕਿਆਂ ‘ਚ ਭਾਰੀ ਤਬਾਹੀ ਹੋਈ ਹੈ ਅਤੇ ਤੂਫਾਨ ਕਾਰਨ ਵੱਖ-ਵੱਖ ਘਟਨਾਵਾਂ ‘ਚ ਹੁਣ ਤੱਕ 44 ਜਣਿਆਂ ਦੀ ਜਾਨ ਜਾ ਚੁੱਕੀ ਹੈ |

ਇਸ ਚੱਕਰਵਾਤੀ ਤੂਫਾਨ ਕਾਰਨ ਕਈ ਘਰ ਤਬਾਹ ਹੋ ਗਏ ਹਨ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਓਥੇ ਹੀ ਰਾਹਤ ਟੀਮਾਂ ਅਤੇ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ‘ਚ ਬਚਾਅ ਦਲ ਦੇ ਤਿੰਨ ਕਰਮਚਾਰੀ, ਇੱਕ ਬੀਬੀ ਅਤੇ ਉਸਦੇ ਜੁੜਵਾ ਬੱਚੇ ਸ਼ਾਮਲ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਫਲੋਰੀਡਾ, ਜਾਰਜੀਆ, ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ ਅਤੇ ਵਰਜੀਨੀਆ ‘ਚ ਵਸਨੀਕਾਂ ਦੀ ਜਾਨ ਚਲੀ ਗਈ ਹੈ। ਇਸ ਸ਼੍ਰੇਣੀ-4 ਚੱਕਰਵਾਤੀ ਤੂਫਾਨ ਹੇਲੇਨ ਕਾਰਨ ਕਈ ਹਸਪਤਾਲਾਂ ‘ਚ ਬਿਜਲੀ ਗੁੱਲ ਹੋ ਗਈ ਹੈ। ਤੂਫਾਨ ਕਾਰਨ 225 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ।

ਇਸ ਸੰਬੰਧੀ ਮਾਹਰਾਂ ਦਾ ਕਹਿਣਾ ਹੈ ਕਿ ਤੂਫਾਨ (Cyclone Helene) ਕਾਰਨ 15-26 ਅਰਬ ਡਾਲਰ ਦੇ ਆਰਥਿਕ ਨੁਕਸਾਨ ਦਾ ਅੰਦਾਜ਼ਾ ਹੈ। ਮਲਬਾ ਉੱਤਰੀ ਟੈਨੇਸੀ ‘ਚ ਸੈਂਕੜੇ ਮੀਲ ਤੱਕ ਫੈਲਿਆ ਹੋਇਆ ਹੈ। ਤੂਫਾਨ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਲਗਾਤਾਰ ਬਚਾਇਆ ਜਾ ਰਿਹਾ ਹੈ। ਚੱਕਰਵਾਤੀ ਤੂਫਾਨ ਹੇਲੇਨ ਦੇ ਪ੍ਰਭਾਵ ਕਾਰਨ ਅਟਲਾਂਟਾ ‘ਚ ਪਿਛਲੇ 48 ਘੰਟਿਆਂ ‘ਚ 28.24 ਸੈਂਟੀਮੀਟਰ ਮੀਂਹ ਪਿਆ ਹੈ, ਇਸ ਤੋਂ ਪਹਿਲਾਂ 1878 ‘ਚ ਦੋ ਦਿਨਾਂ ਵਿੱਚ ਇੰਨੀ ਬਾਰਿਸ਼ ਹੋਈ ਸੀ।

Read More: ਨਹੀਂ ਲੜ ਸਕਣਗੇ ਡਿਫਾਲਟਰ’ ਵਿਅਕਤੀ ਪੰਚਾਇਤੀ ਚੋਣਾਂ, ਜਾਰੀ ਹੋਇਆ ਹੁਕਮ

ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਉਹ ਤੂਫਾਨ ਪੀੜਤਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਹੇ ਹਨ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਖੀ ਤੂਫਾਨ ਪ੍ਰਭਾਵਿਤ ਖੇਤਰਾਂ ਦੇ ਦੌਰੇ ‘ਤੇ ਹਨ। ਏਜੰਸੀ ਨੇ ਬਚਾਅ ਦਲ ‘ਚ 1500 ਕਰਮਚਾਰੀ ਤਾਇਨਾਤ ਕੀਤੇ ਹਨ। ਫਲੋਰੀਡਾ, ਜਾਰਜੀਆ ਅਤੇ ਕੈਰੋਲੀਨਾ ‘ਚ ਤੂਫਾਨ ਕਾਰਨ ਕਰੀਬ 30 ਲੱਖ ਘਰ ਬਿਜਲੀ ਤੋਂ ਵਾਂਝੇ ਹੋ ਗਏ ਹਨ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਤੂਫਾਨ ਹੇਲੇਨ ਕਾਰਨ ਹੋ ਰਹੀ ਭਾਰੀ ਬਾਰਿਸ਼ ਕਾਰਨ ਉੱਤਰੀ ਕੈਰੋਲੀਨਾ ‘ਚ ਹੜ੍ਹ ਦੀ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਕਈ ਸੜਕਾਂ ਜਾਂ ਤਾਂ ਤਬਾਹ ਹੋ ਗਈਆਂ ਹਨ ਜਾਂ ਪਾਣੀ ਵਿਚ ਡੁੱਬ ਗਈਆਂ ਹਨ। ਅਜਿਹੇ ‘ਚ ਰਾਹਤ ਅਤੇ ਬਚਾਅ ਕਾਰਜਾਂ ‘ਚ ਕਾਫੀ ਦਿੱਕਤਾਂ ਆ ਰਹੀਆਂ ਹਨ। ਤੂਫਾਨ ਪ੍ਰਭਾਵਿਤ ਇਲਾਕਿਆਂ ‘ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

Scroll to Top