July 2, 2024 7:06 pm
Hekani Jakhalu

ਨਾਗਾਲੈਂਡ ਦੇ ਇਤਿਹਾਸ ‘ਚ ਪਹਿਲੀ ਮਹਿਲਾ ਵਿਧਾਇਕ ਬਣੀ ਹੇਕਾਨੀ ਜਾਖਾਲੂ

ਚੰਡੀਗੜ੍ਹ, 02 ਮਾਰਚ 2023: ਉੱਤਰ-ਪੂਰਬੀ ਤਿੰਨ ਸੂਬਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਅੱਜ ਚੋਣ ਨਤੀਜੇ ਆ ਰਹੇ ਹਨ। ਤ੍ਰਿਪੁਰਾ ਵਿੱਚ 16 ਫਰਵਰੀ ਨੂੰ ਅਤੇ ਮੇਘਾਲਿਆ-ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਿੰਗ ਹੋਈ। ਲੋਕ ਤਿੰਨਾਂ ਸੂਬਿਆਂ ਦੀ ਵਿਧਾਨ ਸਭਾ ਸੀਟਾਂ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ, ਪਰ ਸਭ ਦੀਆਂ ਨਜ਼ਰਾਂ ਨਾਗਾਲੈਂਡ ‘ਤੇ ਸਨ। 1963 ਵਿੱਚ ਨਾਗਾਲੈਂਡ ਇੱਕ ਸੂਬਾ ਬਣਿਆ, 60 ਸਾਲ ਬੀਤ ਚੁੱਕੇ ਹਨ, 14ਵੀਂ ਵਾਰ ਲੋਕ ਮੁੱਖ ਮੰਤਰੀ ਦੀ ਚੋਣ ਕਰ ਰਹੇ ਹਨ, ਪਰ ਅੱਜ ਤੱਕ ਕਿਸੇ ਵੀ ਸੀਟ ਤੋਂ ਇੱਕ ਵੀ ਮਹਿਲਾ ਵਿਧਾਇਕ ਨਹੀਂ ਚੁਣੀ ਜਾ ਸਕੀ ਸੀ । ਇਸ ਵਾਰ ਇਹ ਪਰੰਪਰਾ ਟੁੱਟ ਗਈ ਹੈ ।

ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਐਨਡੀਪੀਪੀ) ਦੀ ਹੇਕਾਨੀ ਜਾਖਾਲੂ (Hekani Jakhalu) ਦੀਮਾਪੁਰ III ਸੀਟ ਜਿੱਤ ਕੇ ਨਾਗਾਲੈਂਡ ਦੀ ਪਹਿਲੀ ਮਹਿਲਾ ਵਿਧਾਇਕ ਬਣ ਗਈ ਹੈ। ਹੇਕਾਨੀ ਨੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਇਜੇਟੋ ਝਿਮੋਮੀ ਨੂੰ 1536 ਵੋਟਾਂ ਨਾਲ ਹਰਾਇਆ ਹੈ । 47 ਸਾਲਾ ਹੇਕਾਨੀ ਨੂੰ 14,395 ਵੋਟਾਂ ਮਿਲੀਆਂ ਹਨ । ਉਹ ਸਿਰਫ 7 ਮਹੀਨੇ ਪਹਿਲਾਂ ਹੀ ਰਾਜਨੀਤੀ ਵਿੱਚ ਆਈ ਹੈ।

60 ਵਿਧਾਨ ਸਭਾ ਸੀਟਾਂ ਵਾਲੇ ਨਾਗਾਲੈਂਡ ਵਿੱਚ 184 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਸਿਰਫ਼ 4 ਔਰਤਾਂ ਸਨ। ਪੱਛਮੀ ਅੰਗਾਮੀ ਸੀਟ ਤੋਂ ਐਨਡੀਪੀਪੀ ਦੇ ਸਾਲਹੂਟੁਆਨੋ ਕਰੂਸ ਅਤੇ ਅਟੋਈਜ਼ੂ ਸੀਟ ਤੋਂ ਭਾਜਪਾ ਦੇ ਕਾਹੂਲੀ ਸੇਮਾ ਅੱਗੇ ਚੱਲ ਰਹੇ ਹਨ। ਯਾਨੀ ਜੇਕਰ ਉਨ੍ਹਾਂ ਦੀ ਲੀਡ ਜਿੱਤ ‘ਚ ਬਦਲ ਜਾਂਦੀ ਹੈ ਤਾਂ ਨਾਗਾਲੈਂਡ ‘ਚ ਪਹਿਲੀ ਵਾਰ 3 ਮਹਿਲਾ ਵਿਧਾਇਕ ਇਕੱਠੇ ਸਦਨ ‘ਚ ਪਹੁੰਚਣਗੇ। ਦੂਜੇ ਪਾਸੇ ਕਾਂਗਰਸ ਦੀ ਚੌਥੀ ਮਹਿਲਾ ਉਮੀਦਵਾਰ ਰੋਜ਼ੀ ਥਾਮਸਨ ਹੁਣ ਤੱਕ ਹੋਈ ਗਿਣਤੀ ਵਿੱਚ 50 ਵੋਟਾਂ ਵੀ ਹਾਸਲ ਨਹੀਂ ਕਰ ਸਕੀ।