ਦਿੱਲੀ, 14 ਦਸੰਬਰ 2023: ਸੰਸਦ (Parliament) ਦੇ ਸਰਦ ਰੁੱਤ ਇਜਲਾਸ ਦੇ ਨੌਵੇਂ ਦਿਨ ਵੀ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਨੁਰਾਗ ਠਾਕੁਰ ਅਤੇ ਕਈ ਹੋਰ ਮੰਤਰੀ ਅਤੇ ਸੰਸਦ ਮੈਂਬਰ ਮੌਜੂਦ ਸਨ। ਰਾਜ ਸਭਾ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸੰਸਦ ਦੀ ਸੁਰੱਖਿਆ ਵਿੱਚ ਢਿੱਲ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀਰਵਾਰ (14 ਦਸੰਬਰ) ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕੀਤੀ। ਸੰਸਦ ਦੀ ਕਾਰਵਾਈ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ 15 ਸੰਸਦ ਮੈਂਬਰਾਂ ਨੂੰ ਪੂਰੇ ਇਜਲਾਸ ਲਈ ਮੁਅੱਤਲ ਕਰ ਦਿੱਤਾ ਹੈ | ਇਸ ਇਨ੍ਹਾਂ ਵਿੱਚੋਂ 9 ਕਾਂਗਰਸ, 2 ਸੀਪੀਐਮ, 2 ਡੀਐਮਕੇ ਅਤੇ ਇੱਕ ਸੀਪੀਆਈ ਪਾਰਟੀ ਦੇ ਹਨ | ਇਸ ਦੌਰਾਨ ਲੋਕ ਸਭਾ (Parliament) ਸਪੀਕਰ ਨੇ ਹੰਗਾਮਾ ਕਰਨ ਦੇ ਦੋਸ਼ਾਂ ਤਹਿਤ ਕਾਂਗਰਸ ਮੈਂਬਰਾਂ ਟੀਐਨ ਪ੍ਰਤਾਪਨ, ਹਿਬੀ ਈਡਨ, ਜੋਤਿਮਣੀ, ਰਾਮਿਆ ਹਰੀਦਾਸ ਅਤੇ ਡੀਨ ਕੁਰਿਆਕੋਸ ਨੂੰ ਸਰਦ ਰੁੱਤ ਇਜਲਾਸ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
ਇਸ ਤੋਂ ਬਾਅਦ ਵੀ ਹੰਗਾਮਾ ਰੁਕਿਆ ਨਹੀਂ ਅਤੇ ਸਰਦ ਰੁੱਤ ਇਜਲਾਸ ਤੋਂ 9 ਹੋਰ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਬੈਨੀ ਬੇਹਨਨ (ਕਾਂਗਰਸ), ਮੁਹੰਮਦ ਜਾਵੇਦ (ਕਾਂਗਰਸ), ਪੀਆਰ ਨਟਰਾਜਨ (ਸੀਪੀਆਈਐਮ), ਕਨੀਮੋਝੀ (ਡੀਐਮਕੇ), ਵੀਕੇ ਸ਼੍ਰੀਕੰਦਨ (ਕਾਂਗਰਸ), ਕੇ ਸੁਬਰਾਮਨੀਅਮ, ਐਸਆਰ ਪਾਰਥੀਬਨ (ਡੀਐਮਕੇ), ਐਸ ਵੈਂਕਟੇਸ਼ਨ (ਸੀਪੀਆਈਐਮ) ਅਤੇ ਮਾਨਿਕਮ ਟੈਗੋਰ (ਕਾਂਗਰਸ) ਅਤੇ TMC ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਸ਼ਾਮਲ ਹਨ।