July 5, 2024 3:52 am
Mumbai

ਮੁੰਬਈ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 100 ਫੁੱਟ ਉੱਚਾ ਹੋਰਡਿੰਗ ਡਿੱਗਣ ਨਾਲ 14 ਜਣਿਆ ਦੀ ਗਈ ਜਾਨ

ਚੰਡੀਗੜ੍ਹ, 14 ਮਈ 2024: ਤੂਫਾਨ ਕਾਰਨ ਮੁੰਬਈ (Mumbai) ਦੇ ਘਾਟਕੋਪਰ ‘ਚ 100 ਫੁੱਟ ਉੱਚਾ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਬ੍ਰਿਹਨਮੁੰਬਈ ਨਗਰ ਨਿਗਮ ਮੁਤਾਬਕ 43 ਜ਼ਖਮੀ ਇਸ ਸਮੇਂ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਜਦਕਿ 31 ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਹੋਰਡਿੰਗ ਡਿੱਗਣ ਤੋਂ ਬਾਅਦ ਮੁੰਬਈ ਪੁਲਿਸ ਨੇ ਈਗੋ ਮੀਡੀਆ ਦੇ ਮਾਲਕ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 3.30 ਵਜੇ ਜਿਮਖਾਨਾ ਨੇੜੇ ਵਾਪਰਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਮੌਕੇ ‘ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਈ ਜਣੇ ਜ਼ਖ਼ਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਕ੍ਰੇਨ ਅਤੇ ਗੈਸ ਕਟਰ ਦੀ ਵਰਤੋਂ ਕੀਤੀ ਗਈ ਹੈ।

ਘਾਟਕੋਪਰ ‘ਚ ਹੋਏ ਹਾਦਸੇ ਤੋਂ ਬਾਅਦ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੰਬਈ (Mumbai) ਦੇ ਮੁਲੁੰਡ ਇਲਾਕੇ ‘ਚ ਹੋਣ ਵਾਲੀ ਆਪਣੀ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਮੁੰਬਈ ਦੇ ਘਾਟਕੋਪਰ, ਬਾਂਦਰਾ ਕੁਰਲਾ, ਧਾਰਾਵੀ ਖੇਤਰਾਂ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਦੂਜੇ ਪਾਸੇ ਮੁੰਬਈ ਹਵਾਈ ਅੱਡੇ ‘ਤੇ ਹਵਾਈ ਸੇਵਾਵਾਂ ਦਾ ਸੰਚਾਲਨ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਏਅਰਪੋਰਟ ਅਥਾਰਟੀ ਨੇ ਕਿਹਾ ਕਿ ਤੂਫਾਨ ਦੌਰਾਨ 15 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਾਮ 5:03 ਵਜੇ ਹਵਾਈ ਸੇਵਾ ਸ਼ੁਰੂ ਹੋ ਗਈ। ਦਰਅਸਲ, ਪਿਛਲੇ ਹਫਤੇ ਮੁੰਬਈ ਏਅਰਪੋਰਟ ‘ਤੇ ਪ੍ਰੀ-ਮਾਨਸੂਨ ਰਨਵੇਅ ਦੇ ਰੱਖ-ਰਖਾਅ ਦਾ ਕੰਮ ਕੀਤਾ ਗਿਆ ਸੀ। ਇਸ ਕਾਰਨ ਉਡਾਣਾਂ ਸਮੇਂ ਸਿਰ ਚਲਾਈਆਂ ਗਈਆਂ।

ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਨੇ ਮੁੰਬਈ, ਠਾਣੇ ਅਤੇ ਪਾਲਘਰ ‘ਚ ਬਿਜਲੀ ਅਤੇ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ ਦੇ ਨਾਲ-ਨਾਲ ਕਈ ਥਾਵਾਂ ‘ਤੇ ਬਿਜਲੀ ਵੀ ਡਿੱਗ ਸਕਦੀ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਧੂੜ ਦੇ ਤੂਫਾਨ ਆ ਸਕਦੇ ਹਨ।