ਦੇਸ਼, 29 ਸਤੰਬਰ 2025: Heavy Rain: ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਦੀ ਵਾਪਸੀ ‘ਤੇ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ‘ਚ ਭਾਰੀ ਮੀਂਹ ਲਈ ਰੈੱਡ, ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। ਤੇਲੰਗਾਨਾ ‘ਚ 1,000 ਤੋਂ ਵੱਧ ਜਣਿਆਂ ਨੂੰ ਰਾਹਤ ਕੈਂਪਾਂ ‘ਚ ਪਹੁੰਚਾਇਆ ਗਿਆ ਹੈ। ਕਰਨਾਟਕ ‘ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ
ਭਾਰਤ ਮੌਸਮ ਵਿਭਾਗ (IMD) ਨੇ 29 ਸਤੰਬਰ ਤੱਕ ਗੁਜਰਾਤ, ਮੱਧ ਮਹਾਰਾਸ਼ਟਰ, ਗੋਆ ਅਤੇ ਕੋਂਕਣ ‘ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਨਸੂਨ ਦੇ ਪਿੱਛੇ ਹਟਣ ਨਾਲ ਮੱਧ ਪ੍ਰਦੇਸ਼ ਤੋਂ ਬਿਹਾਰ, ਗੁਜਰਾਤ ਤੋਂ ਮਹਾਰਾਸ਼ਟਰ ਅਤੇ ਦੱਖਣੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਤਬਾਹੀ ਮਚਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸੂਬੇ ‘ਚ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ‘ਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 11,800 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਇਸ ਦੌਰਾਨ, ਮਰਾਠਵਾੜਾ ‘ਚ ਕਈ ਨਦੀਆਂ ਉਫਾਨ ‘ਤੇ ਹਨ, ਜਿਸ ਨਾਲ ਫਸਲਾਂ ਤਬਾਹ ਹੋ ਗਈਆਂ ਹਨ। ਕੋਂਕਣ, ਗੋਆ, ਬਿਹਾਰ ਅਤੇ ਉੱਤਰ-ਪੂਰਬੀ ਰਾਜ ਮੇਘਾਲਿਆ ‘ਚ ਵੀ ਭਾਰੀ ਮੀਂਹ ਪੈ ਰਿਹਾ ਹੈ | ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਦੇ ਨਾਲ-ਨਾਲ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।
ਮੁੰਬਈ ‘ਚ ਭਾਰੀ ਮੀਂਹ
ਐਤਵਾਰ ਨੂੰ ਮੁੰਬਈ ‘ਚ ਭਾਰੀ ਮੀਂਹ ਨਾਲ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਅਤੇ ਲੋਕਲ ਟ੍ਰੇਨਾਂ ਵਿੱਚ ਵਿਘਨ ਪਿਆ। ਬ੍ਰਿਹਨਮੁੰਬਈ ਨਗਰ ਨਿਗਮ ਨੇ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਹਨ। ਪਾਣੀ ਨੂੰ ਬਾਹਰ ਕੱਢਣ ਲਈ ਸਾਰੇ ਪੰਪ ਦਿਨ-ਰਾਤ ਚਲਾਏ ਜਾ ਰਹੇ ਹਨ। ਮੁੰਬਈ ਦੇ ਗੁਆਂਢੀ ਰਾਜ ਗੋਆ ਵਿੱਚ ਵੀ ਬਾਰਿਸ਼ ਹੋਈ ਹੈ, ਅਤੇ ਮੌਸਮ ਵਿਭਾਗ ਨੇ ਰਾਜ ਵਿੱਚ ਹੋਰ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ।
ਬੀੜ ‘ਚ ਫੌਜ ਤਾਇਨਾਤ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਤਵਾਰ ਨੂੰ ਮਰਾਠਵਾੜਾ ‘ਚ ਮੀਂਹ ਦੀ ਸਥਿਤੀ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਖੇਤਰੀ ਯਤਨਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਬੀੜ ਜ਼ਿਲ੍ਹੇ ‘ਚ ਗੰਭੀਰ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਫੌਜ ਅਤੇ NDRF ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
Read More: Weather Alert: ਮਾਨਸੂਨ ਦੀ ਰਫਤਾਰ ਪਈ ਮੱਠੀ, ਉੱਤਰੀ-ਪੂਰਬੀ ਸੂਬਿਆਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ
 
								 
								 
								 
								



