ਜੰਮੂ-ਕਸ਼ਮੀਰ, 23 ਜੁਲਾਈ 2025: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਭਾਰੀ ਮੀਂਹ (Heavy Rain) ਕਾਰਨ ਰਸਤੇ ਬੰਦ ਹੋ ਗਏ ਹਨ | ਇਸਦੇ ਨਾਲ ਹੀ ਰਾਮਬਨ ਜ਼ਿਲ੍ਹੇ ‘ਚ ਅੱਜ ਮਿੱਟੀ ਦੀ ਢਿੱਗਾਂ ਡਿੱਗਣ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਇਸ ਕਾਰਨ ਸੈਂਕੜੇ ਵਾਹਨ ਫਸ ਗਏ ਅਤੇ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਕਈ ਸ਼ਰਧਾਲੂ ਵੀ ਵਿਚਕਾਰ ਹੀ ਰੁਕ ਗਏ।
ਜੰਮੂ ਖੇਤਰ ‘ਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਮੀਂਹ (Heavy Rain) ਜਾਰੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਹੜ੍ਹ ਦਾ ਕੋਈ ਵੱਡਾ ਖ਼ਤਰਾ ਨਹੀਂ ਹੈ, ਪਰ ਜ਼ਿਆਦਾਤਰ ਨਦੀਆਂ ਅਤੇ ਨਾਲਿਆਂ ‘ਚ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੈ |
ਟ੍ਰੈਫਿਕ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ, ਰਾਮਬਨ ਜ਼ਿਲ੍ਹੇ ਦੇ ਮਗੇਰਕੋਟ ਨੇੜੇ ਇੱਕ ਸੁਰੰਗ ‘ਤੇ ਅਚਾਨਕ ਹੜ੍ਹ ਆਉਣ ਕਾਰਨ ਮਲਬਾ ਡਿੱਗ ਗਿਆ ਅਤੇ ਹਾਈਵੇਅ ਬੰਦ ਹੋ ਗਿਆ। ਇਸ ਤੋਂ ਇਲਾਵਾ, ਭਾਰੀ ਮੀਂਹ ਕਾਰਨ ਸੇਰੀ ਨੇੜੇ ਇੱਕ ਹੋਰ ਮਿੱਟੀ ਦੀ ਢਿੱਗਾਂ ਡਿੱਗੀਆਂ।
ਪ੍ਰਸ਼ਾਸਨ ਨੇ ਤੁਰੰਤ ਰਾਹਤ ਏਜੰਸੀਆਂ ਨੂੰ ਮੌਕੇ ‘ਤੇ ਭੇਜਿਆ ਹੈ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਮੌਸਮ ਸਾਫ਼ ਹੁੰਦੇ ਹੀ ਸੜਕ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਦੋਂ ਤੱਕ ਲੋਕਾਂ ਨੂੰ ਇਸ ਰਸਤੇ ‘ਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ।
ਅਮਰਨਾਥ ਯਾਤਰੀਆਂ ਦਾ ਕਾਫ਼ਲਾ ਫਸਿਆ
ਅਧਿਕਾਰੀਆਂ ਨੇ ਦੱਸਿਆ ਕਿ ਸੜਕ ਬੰਦ ਹੋਣ ਕਾਰਨ, ਬਹੁਤ ਸਾਰੇ ਆਮ ਸ਼ਰਧਾਲੂ ਅਤੇ ਦੋ ਅਮਰਨਾਥ ਯਾਤਰੀਆਂ ਦੇ ਕਾਫ਼ਲੇ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਉਮੀਦ ਹੈ ਕਿ ਮੌਸਮ ‘ਚ ਸੁਧਾਰ ਹੁੰਦੇ ਹੀ ਆਉਣ ਵਾਲੇ ਕੁਝ ਘੰਟਿਆਂ ‘ਚ ਆਵਾਜਾਈ ਮੁੜ ਸ਼ੁਰੂ ਹੋ ਸਕਦੀ ਹੈ।
ਰਾਮਬਨ ਤੋਂ ਇਲਾਵਾ, ਸਿੰਥਨ ਨਾਲਾ ‘ਤੇ ਹੜ੍ਹਾਂ ਕਾਰਨ ਕਿਸ਼ਤਵਾੜ-ਸਿੰਥਨ ਸੜਕ ਵੀ ਬੰਦ ਕਰ ਦਿੱਤੀ ਗਈ ਹੈ। ਰਾਜੌਰੀ, ਪੁੰਛ, ਰਿਆਸੀ, ਊਧਮਪੁਰ ਅਤੇ ਡੋਡਾ ਵਰਗੇ ਪਹਾੜੀ ਜ਼ਿਲ੍ਹਿਆਂ ‘ਚ ਜ਼ਮੀਨ ਖਿਸਕਣ ਕਾਰਨ ਕਈ ਸੰਪਰਕ ਸੜਕਾਂ ਵੀ ਬੰਦ ਹੋ ਗਈਆਂ ਹਨ। ਉਨ੍ਹਾਂ ਨੂੰ ਖੋਲ੍ਹਣ ਲਈ ਕੰਮ ਜਾਰੀ ਹੈ।
ਭਾਰਤੀ ਮੌਸਮ ਵਿਭਾਗ ਨੇ 24 ਜੁਲਾਈ ਤੱਕ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਬਾਅਦ, ਜੰਮੂ ਡਿਵੀਜ਼ਨ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ 24×7 ਕੰਟਰੋਲ ਰੂਮ ਸਥਾਪਤ ਕੀਤੇ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਵੀ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ।
Read More: ਅਮਰਨਾਥ ਯਾਤਰਾ ਸ਼ੁਰੂ ਹੋਣ ‘ਚ 2 ਦਿਨ ਬਾਕੀ, ਉਪ ਰਾਜਪਾਲ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ