ਚੰਡੀਗੜ੍ਹ, 04 ਦਸੰਬਰ 2023: ਚੱਕਰਵਾਤੀ ਤੂਫ਼ਾਨ ਮਿਚੌਂਗ (Cyclone Michaung) ਦੇ ਮੰਗਲਵਾਰ ਨੂੰ ਦੱਖਣੀ ਆਂਧਰਾ ਪ੍ਰਦੇਸ਼ ਵਿੱਚ ਟਕਰਾਉਣ ਤੋਂ ਪਹਿਲਾਂ ਉੱਤਰੀ ਤਾਮਿਲਨਾਡੂ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਚੇੱਨਈ ਸ਼ਹਿਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈ ਰਿਹਾ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲ੍ਹਿਆਂ ਵਿੱਚ ਐਤਵਾਰ ਦੇਰ ਰਾਤ ਤੋਂ ਭਾਰੀ ਮੀਂਹ ਪਿਆ। ਤੇਜ਼ ਹਵਾਵਾਂ ਕਾਰਨ ਚੇਨਈ ਹਵਾਈ ਅੱਡੇ ਤੋਂ ਘੱਟੋ-ਘੱਟ 10 ਉਡਾਣਾਂ ਨੂੰ ਬੈਂਗਲੁਰੂ ਵੱਲ ਮੋੜ ਦਿੱਤਾ ਗਿਆ। ਚੇਨਈ ਏਅਰਪੋਰਟ ਅਤੇ ਕਲੰਦੂਰ ਸਬਵੇਅ ‘ਤੇ ਭਾਰੀ ਪਾਣੀ ਭਰ ਗਿਆ।
ਤੂਫਾਨ ਮਿਚੌਂਗ (Cyclone Michaung) ਕਾਰਨ ਅੱਜ ਅਤੇ ਕੱਲ੍ਹ ਬਹੁਤ ਭਾਰੀ ਹੋਣ ਵਾਲਾ ਹੈ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਅਲਰਟ ‘ਤੇ ਹੈ। ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤੂਫਾਨ ਦੇ ਪ੍ਰਭਾਵ ਕਾਰਨ ਚੇਨਈ ਦੇ ਤੱਟਵਰਤੀ ਖੇਤਰਾਂ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਚੇੱਨਈ ਏਅਰਪੋਰਟ ਦੇ ਰਨਵੇਅ ਅਤੇ ਸਬਵੇਅ ਪਾਣੀ ਨਾਲ ਭਰ ਗਏ ਹਨ | ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ।
ਆਈਐਮਡੀ ਮੁਤਾਬਕ ਉੱਤਰੀ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਲਈ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਚੱਕਰਵਾਤ ਮਿਚੌਂਗ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵਿੱਚ ਉੱਤਰ-ਪੱਛਮ ਵੱਲ ਵਧ ਰਿਹਾ ਹੈ।
ਚੱਕਰਵਾਤ (Cyclone Michaung) ਕਿੱਥੇ ਹੈ ?
ਇਸ ਸਮੇਂ ਚੱਕਰਵਾਤ ਚੇਨਈ ਤੋਂ ਲਗਭਗ 150 ਕਿਲੋਮੀਟਰ, ਨੇਲੋਰ ਤੋਂ 250 ਕਿਲੋਮੀਟਰ, ਬਾਪਟ ਤੋਂ 360 ਕਿਲੋਮੀਟਰ, ਮਛਲੀਪਟਨਮ ਤੋਂ 380 ਕਿਲੋਮੀਟਰ ਦੂਰ ਹੈ। ਤੂਫਾਨ ਅੱਜ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ। ਮਿਚੌਂਗ ਭਲਕੇ ਦੁਪਹਿਰ ਨੂੰ ਇੱਕ ਤੇਜ਼ ਤੂਫ਼ਾਨ ਦੇ ਰੂਪ ਵਿੱਚ ਨੇਲੋਰ ਅਤੇ ਮਛਲੀਪਟਨਮ ਦੇ ਵਿਚਕਾਰ ਤੱਟ ਨੂੰ ਪਾਰ ਕਰੇਗਾ ਜਾਂ ਲੈਂਡਫਾਲ ਕਰੇਗਾ। ਬਾਹਰੋਂ ਆਉਣ ਵਾਲੇ ਲੋਕਾਂ ਨੂੰ ਫਿਲਹਾਲ ਤੂਫਾਨ ਕਾਰਨ ਚੇਨਈ ‘ਚ ਹੀ ਰਹਿਣਾ ਪੈ ਰਿਹਾ ਹੈ ਕਿਉਂਕਿ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਡਾਣਾਂ ਮਿਲਣੀਆਂ ਮੁਸ਼ਕਿਲ ਹੋ ਗਈਆਂ ਹਨ।
ਤੂਫਾਨ ਆਂਧਰਾ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਅਤੇ ਬਚਾਅ ਦੇ ਪ੍ਰਬੰਧ ਕੀਤੇ ਹਨ। ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਤੂਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਕਿਸ਼ਤੀਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅੱਜ ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੱਟੂ ਵਿੱਚ ਜਨਤਕ ਛੁੱਟੀ ਕਰ ਦਿੱਤੀ ਹੈ। ਲੋਕਾਂ ਦੀ ਸਹੂਲਤ ਲਈ ਚੇਨਈ ਮੈਟਰੋ ਦੇ ਸ਼ੈਡਿਊਲ ‘ਚ ਬਦਲਾਅ ਕੀਤਾ ਗਿਆ ਹੈ। ਪ੍ਰਾਈਵੇਟ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦੇਣ। ਤੱਟਵਰਤੀ ਖੇਤਰਾਂ ਵਿੱਚ ਰਾਹਤ ਲਈ 121 ਬਹੁ-ਮੰਤਵੀ ਕੇਂਦਰ ਬਣਾਏ ਗਏ ਹਨ, ਨਾਲ ਹੀ 4,967 ਰਾਹਤ ਕੈਂਪ ਵੀ ਬਣਾਏ ਗਏ ਹਨ।