ਦੇਸ਼, 28 ਜੁਲਾਈ 2025: Weather News: ਮਹਾਰਾਸ਼ਟਰ ਤੋਂ ਲੈ ਕੇ ਰਾਜਸਥਾਨ ਅਤੇ ਉਤਰਾਖੰਡ ਤੱਕ ਪਿਛਲੇ 24 ਘੰਟਿਆਂ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਐਤਵਾਰ ਨੂੰ ਭਾਰੀ ਮੀਂਹ ਕਾਰਨ ਮੁੰਬਈ ਦੇ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਹੈ | ਇਸ ਤੋਂ ਇਲਾਵਾ ਉਪ-ਹਿਮਾਲੀਅਨ ਪੱਛਮੀ ਬੰਗਾਲ, ਤ੍ਰਿਪੁਰਾ ਪੱਛਮੀ ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਮਿਜ਼ੋਰਮ ਅਤੇ ਮੇਘਾਲਿਆ ‘ਚ ਵੀ 7 ਤੋਂ 11 ਸੈਂਟੀਮੀਟਰ ਤੱਕ ਭਾਰੀ ਮੀਂਹ ਪਿਆ।
ਦੂਜੇ ਪਾਸੇ ਉੜੀਸਾ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਦੋਂ ਕਿ ਕੇਰਲ ‘ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਜਾਰੀ ਰਹੀਆਂ, ਕਈ ਨਦੀਆਂ ਅਤੇ ਡੈਮਾਂ ਦਾ ਪਾਣੀ ਦਾ ਪੱਧਰ ਵਧਿਆ, ਦਰੱਖਤਾਂ ਦੇ ਪੁੱਟੇ ਜਾਣ ਕਾਰਨ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਸੂਬੇ ਦੇ ਕਈ ਖੇਤਰਾਂ ‘ਚ ਬਿਜਲੀ ਸਪਲਾਈ ਠੱਪ ਹੋ ਗਈ।
ਮੌਸਮ ਵਿਭਾਗ ਨੇ 28 ਜੁਲਾਈ ਨੂੰ ਉੱਤਰ-ਪੂਰਬ ‘ਚ ਭਾਰੀ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜਦੋਂ ਕਿ ਪੱਛਮੀ ਹਿਮਾਲੀਅਨ ਖੇਤਰ ਯਾਨੀ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ 29 ਤੋਂ 31 ਜੁਲਾਈ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ |
ਹਿਮਾਚਲ ਪ੍ਰਦੇਸ਼ ‘ਚ, ਚਾਰ ਜ਼ਿਲ੍ਹਿਆਂ ਚੰਬਾ, ਕਾਂਗੜਾ, ਮੰਡੀ ਅਤੇ ਕੁੱਲੂ ਦੇ ਕੁਝ ਇਲਾਕਿਆਂ ‘ਚ 29 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਮੁੰਬਈ ਲਈ ਯੈਲੋ ਚੇਤਾਵਨੀ ਜਾਰੀ ਕੀਤੀ ਹੈ, ਜਿਸ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪਿਛਲੇ 24 ਘੰਟਿਆਂ ‘ਚ ਮੁੰਬਈ ‘ਚ ਵੀ ਭਾਰੀ ਮੀਂਹ ਪਿਆ।
ਅੱਜ (ਸੋਮਵਾਰ) ਉੱਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ ‘ਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਦੇਹਰਾਦੂਨ ਸਮੇਤ ਪੌੜੀ, ਟਿਹਰੀ, ਨੈਨੀਤਾਲ, ਚੰਪਾਵਤ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ।
Read More: ਪੰਜਾਬ ਮੌਸਮ: ਕਈਂ ਥਾਵਾਂ ‘ਤੇ ਛਾਏ ਬੱਦਲ, ਮੀਂਹ ਪੈਣ ਦਾ ਅਲਰਟ