July 4, 2024 9:42 pm
Heavy Rain

ਮੌਸਮ ਵਿਭਾਗ ਵੱਲੋਂ ਅੱਠ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ, ਅਸਾਮ ਦੇ 10 ਜ਼ਿਲ੍ਹਿਆਂ ‘ਚ ਹੜ੍ਹ ਕਾਰਨ 1.20 ਲੱਖ ਲੋਕ ਪ੍ਰਭਾਵਿਤ

ਚੰਡੀਗੜ੍ਹ, 22 ਜੂਨ 2023: ਮਾਨਸੂਨ ਸ਼ੁਰੂ ਹੋਏ ਨੂੰ 15 ਦਿਨ ਹੋ ਗਏ ਹਨ, ਹੁਣ ਤੱਕ ਇਹ ਅੱਧੇ ਸੂਬਿਆਂ ਵਿੱਚ ਵੀ ਸਹੀ ਢੰਗ ਨਾਲ ਨਹੀਂ ਪਹੁੰਚਿਆ ਹੈ। ਮੌਸਮ ਵਿਭਾਗ (IMD) ਨੇ ਦੱਸਿਆ ਹੈ ਕਿ ਅੱਜ ਅਤੇ ਕੱਲ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਝਾਰਖੰਡ ਸਮੇਤ 8 ਸੂਬਿਆਂ ਵਿੱਚ ਭਾਰੀ ਬਾਰਿਸ਼ (Heavy Rain) ਪੈ ਸਕਦੀ ਹੈ। ਇਸਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ |

ਦੂਜੇ ਪਾਸੇ ਉੱਤਰ-ਪੂਰਬੀ ਸੂਬਿਆਂ ਵਿੱਚ ਬਾਰਿਸ਼ ਨੇ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਆਸਾਮ ਵਿੱਚ ਬ੍ਰਹਮਪੁੱਤਰ ਨਦੀ ਦਾ ਜਲਥਲ ਹੈ। ਅਸਾਮ ਸਟੇਟ ਡਿਜ਼ਾਸਟਰ ਮੁਤਾਬਕ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹਾਲਾਤ ਖ਼ਰਾਬ ਹਨ। 108 ਪਿੰਡਾਂ ਵਿੱਚ 1 ਲੱਖ 20 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਨਲਬਾੜੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 45 ਹਜ਼ਾਰ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।

ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਮੇਘਾਲਿਆ ਵਿੱਚ ਅਗਲੇ 4 ਦਿਨਾਂ ਯਾਨੀ 22 ਤੋਂ 26 ਜੂਨ ਤੱਕ ਭਾਰੀ ਬਾਰਿਸ਼ (Heavy Rain) ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਬੰਗਾਲ ਦੇ ਮਾਲਦਾ ਅਤੇ ਬਿਹਾਰ ਦੇ ਜਮੁਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਮਾਲਦਾ ‘ਚ ਵੀ ਬਿਜਲੀ ਡਿੱਗਣ ਕਾਰਨ 12 ਬੱਚੇ ਜ਼ਖਮੀ ਹੋ ਗਏ।

ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ 4 ਸੂਬਿਆਂ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਉੜੀਸਾ , ਬਿਹਾਰ, ਝਾਰਖੰਡ ਅਤੇ ਤੇਲੰਗਾਨਾ ‘ਚ ਗਰਮੀ ਦੀ ਸੰਭਾਵਨਾ ਹੈ। ਜਦੋਂ ਕਿ ਇਨ੍ਹਾਂ 4 ਦਿਨਾਂ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।