July 7, 2024 7:59 pm
Rain

ਪੰਜਾਬ ਸਮੇਤ 23 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ, ਜ਼ਮੀਨ ਖਿਸਕਣ ਕਾਰਨ ਬਦਰੀਨਾਥ ਹਾਈਵੇਅ ਬੰਦ

ਚੰਡੀਗੜ੍ਹ, 29 ਜੂਨ 2023: ਮੌਸਮ ਵਿਭਾਗ (IMD) ਅਨੁਸਾਰ ਦੇਸ਼ ਭਰ ਵਿੱਚ ਮਾਨਸੂਨ ਆਮ ਨਾਲੋਂ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਫਿਲਹਾਲ ਦੇਸ਼ ‘ਚ 16 ਫੀਸਦੀ ਘੱਟ ਬਾਰਿਸ਼ ਹੋਈ ਹੈ। ਉੱਤਰ-ਪੱਛਮੀ ਸੂਬਿਆਂ ਵਿੱਚ ਆਮ ਨਾਲੋਂ 42% ਵੱਧ ਮੀਂਹ (Rain) ਦਰਜ ਕੀਤਾ ਗਿਆ ਹੈ। ਦੇਸ਼ ਦੇ ਪੂਰਬੀ, ਕੇਂਦਰੀ, ਉੱਤਰ-ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਮਾਨਸੂਨ ਦੇ ਤਿੰਨ ਦਿਨ ਸਰਗਰਮ ਰਹਿਣ ਦੀ ਸੰਭਾਵਨਾ ਹੈ।

ਅਗਲੇ 24 ਘੰਟਿਆਂ ‘ਚ ਮੱਧ ਪ੍ਰਦੇਸ਼-ਰਾਜਸਥਾਨ ਸਮੇਤ 23 ਸੂਬਿਆਂ ‘ਚ ਭਾਰੀ ਮੀਂਹ (Rain) ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਹੈ। ਹਿਮਾਚਲ, ਉੱਤਰਾਖੰਡ, ਹਰਿਆਣਾ, ਪੰਜਾਬ, ਦਿੱਲੀ, ਪੱਛਮੀ-ਪੂਰਬੀ ਰਾਜਸਥਾਨ, ਪੱਛਮੀ-ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੂਰਬੀ ਪੱਛਮੀ ਮੱਧ ਪ੍ਰਦੇਸ਼, ਸੌਰਾਸ਼ਟਰ ਅਤੇ ਕੱਛ, ਗੁਜਰਾਤ, ਮੱਧ ਮਹਾਰਾਸ਼ਟਰ, ਤੱਟਵਰਤੀ ਕਰਨਾਟਕ, ਕੇਰਲ, ਅੰਡੇਮਾਨ-ਨਿਕੋਬਾਰ ਸ਼ਾਮਲ ਹਨ |

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਛਿਨਕਾ ਨੇੜੇ ਢਿੱਗਾਂ ਡਿੱਗਣ ਕਾਰਨ ਬਦਰੀਨਾਥ ਜਾਣ ਵਾਲਾ ਹਾਈਵੇਅ ਬੰਦ ਹੋ ਗਿਆ। ਸੈਲਾਨੀ ਇੱਥੇ ਫਸੇ ਹੋਏ ਹਨ। ਦੂਜੇ ਪਾਸੇ ਅਸਾਮ ਵਿੱਚ ਹੜ੍ਹ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਸੂਬੇ ਦੇ 6 ਜ਼ਿਲਿਆਂ ‘ਚ 83 ਹਜ਼ਾਰ ਲੋਕ ਅਜੇ ਵੀ ਹੜ੍ਹ ਦੀ ਲਪੇਟ ‘ਚ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਮਹਾਰਾਸ਼ਟਰ ਦੇ ਮੁੰਬਈ, ਠਾਣੇ ਅਤੇ ਸਤਾਰਾ ‘ਚ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ ਕਾਰਨ ਰੇਲਵੇ ਪਟੜੀਆਂ, ਬਾਜ਼ਾਰਾਂ ਅਤੇ ਸੜਕਾਂ ‘ਤੇ 3 ਫੁੱਟ ਤੱਕ ਪਾਣੀ ਭਰ ਗਿਆ। ਠਾਣੇ ਵਿੱਚ ਦਰੱਖਤ ਉਖੜ ਗਏ ਹਨ |