Punjab Vidhan Sabha

ਪੰਜਾਬ ਵਿਧਾਨ ਸਭਾ ‘ਚ ਹਰਜੋਤ ਬੈਂਸ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ

ਚੰਡੀਗੜ੍ਹ, 27 ਮਾਰਚ 2025: ਅੱਜ ਪੰਜਾਬ ਵਿਧਾਨ ਸਭਾ ‘ਚ ਬਜਟ ਸ਼ੈਸਨ ਦੌਰਾਨ ਭਾਰੀ ਹੰਗਾਮਾ ਹੋਇਆ, ਜਿਸਦੇ ਚੱਲਦੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦਰਅਸਲ ਇਹ ਹੰਗਾਮਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੁੱਧਵਾਰ ਨੂੰ ਸੰਤ ਸੀਚੇਵਾਲ ਮਾਡਲ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਹੋਇਆ | ਆਮ ਆਦਮੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਠੇਕੇਦਾਰ ਕਹਿਣ ‘ਤੇ ਨਿੰਦਾ ਕੀਤੀ ਹੈ |

ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Harjot Singh Bains) ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਾਜਵਾ ਦੇ ਬਿਆਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੇ 160 ਕਿਲੋਮੀਟਰ ਲੰਬੀ ਕਾਲੀ ਬੇਈਂ ਨਦੀ ਦੀ ਸਫਾਈ ਕੀਤੀ ਹੈ।

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਵੀ ਉਨ੍ਹਾਂ ਦੇ ਕੰਮ ਨੂੰ ਦੇਖਣ ਆਏ ਅਤੇ ਇਸਦੀ ਪ੍ਰਸ਼ੰਸਾ ਕੀਤੀ ਸੀ। ਟਾਈਮ ਮੈਗਜ਼ੀਨ ਨੇ ਵੀ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਉਨ੍ਹਾਂ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਜੋਤ ਸਿੰਘ ਬੈਂਸ (Harjot Singh Bains) ਨੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ ਨਿੰਦਾ ਪ੍ਰਸਤਾਵ ਲਿਆਂਦਾ |

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨ ਲਈ ਮੁਆਫ਼ੀ ਮੰਗੇ। ਭਾਰੀ ਹੰਗਾਮਾ ਦੇਖਦਿਆਂ ਵਿਧਾਨ ਸਭਾ ‘ਚ ਸਿੰਚੇਵਾਲ ਮਾਡਲ ‘ਤੇ ਬਹਿਸ ਦੌਰਾਨ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਤੱਕ ਮੁਲਤਵੀ ਕਰ ਦਿੱਤੀ ਗਈ।

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਚੇਵਾਲ ਵਿਰੁੱਧ ਵਰਤੀ ਗਈ ਭਾਸ਼ਾ ਬਹੁਤ ਗਲਤ ਸੀ। ਗਿਆਸਪੁਰਾ ਨੇ ਕਿਹਾ ਕਿ ਸੰਤ ਸੀਚੇਵਾਲ ਸਾਡੇ ਸਾਰਿਆਂ ਲਈ ਸਤਿਕਾਰਯੋਗ ਹਨ।ਗਿਆਸਪੁਰ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਇਸਦੇ ਨਾਲ ਹੀ ਕਾਂਗਰਸ ਨੇ ਸਦਨ ਤੋਂ ਵਾਕਆਉਟ ਕਰ ਦਿੱਤਾ |

Read More: Punjab Budget: ‘ਆਪ’ ਸਰਕਾਰ ਦੇ ਪੰਜਾਬ ਬਜਟ ‘ਚ ਵੱਡੇ ਐਲਾਨ, ਪੜ੍ਹੋ ਪੂਰੇ ਵੇਰਵੇ

Scroll to Top