ਚੰਡੀਗੜ੍ਹ, 24 ਮਈ 2024: ਰਾਜਸਥਾਨ (Rajasthan) ਵਿੱਚ ਗਰਮੀ ਦਾ ਕਹਿਰ ਹੁਣ ਜਾਨਲੇਵਾ ਹੁੰਦਾ ਜਾ ਰਿਹਾ ਹੈ । ਵੀਰਵਾਰ ਨੂੰ ਬੀਕਾਨੇਰ ‘ਚ ਜੰਗੀ ਅਭਿਆਸ ਦੌਰਾਨ ਸਿਹਤ ਵਿਗੜਨ ਕਾਰਨ ਭਿਵਾਨੀ ਨਿਵਾਸੀ ਫੌਜ ਦੇ ਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜਲੌਰ ‘ਚ ਤਾਪਮਾਨ 47.3 ਡਿਗਰੀ ਤੱਕ ਪਹੁੰਚ ਗਿਆ। ਇਸ ਗਰਮੀ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਚਾਰ ਜਣਿਆਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਰਾਜਸਥਾਨ ‘ਚ ਗਰਮੀ ਕਾਰਨ ਹੁਣ ਤੱਕ ਅੱਠ ਜਣਿਆਂ ਦੀ ਜਾਨ ਜਾ ਚੁੱਕੀ ਹੈ।
ਬੀਕਾਨੇਰ (Rajasthan) ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਜੰਗੀ ਅਭਿਆਸ ਦੌਰਾਨ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਜਵਾਨ ਸੰਦੀਪ ਕੁਮਾਰ ਦੀ ਤਬੀਅਤ ਵਿਗੜ ਗਈ। ਜਵਾਨ ਨੂੰ ਇਲਾਜ ਲਈ ਮਹਾਜਨ ਸੀਐਚਸੀ ਲਿਜਾਇਆ ਗਿਆ। ਜਿੱਥੋਂ ਉਸ ਨੂੰ ਸੂਰਤਗੜ੍ਹ ਰੈਫਰ ਕਰ ਦਿੱਤਾ ਗਿਆ। ਸੂਰਤਗੜ੍ਹ ਹਸਪਤਾਲ ਵਿੱਚ ਇਲਾਜ ਦੌਰਾਨ ਜਵਾਨ ਦੀ ਮੌਤ ਹੋ ਗਈ। ਫਿਲਹਾਲ ਫੌਜੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਜ਼ਿਲੇ ‘ਚ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਹੀਟ ਵੇਵ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। 26 ਮਈ ਤੱਕ ਤਾਪਮਾਨ 47 ਡਿਗਰੀ ਤੋਂ ਉਪਰ ਰਹਿਣ ਦੀ ਸੰਭਾਵਨਾ ਹੈ। ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਨੂੰ ਘੱਟ ਤੋਂ ਘੱਟ ਕਰਨ ਅਤੇ ਜ਼ਿਆਦਾ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ। ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪਾਲਿਕਾ ਖੇਤਰਾਂ ਵਿੱਚ ਟੈਂਕਰਾਂ ਅਤੇ ਫਾਇਰ ਇੰਜਣਾਂ ਰਾਹੀਂ ਸੜਕਾਂ ’ਤੇ ਪਾਣੀ ਦਾ ਛਿੜਕਾਅ ਵੀ ਕੀਤਾ ਗਿਆ ਹੈ।