Haryana

Heat Wave: ਹਰਿਆਣਾ ‘ਚ ਗਰਮੀ ਦਾ ਕਹਿਰ ਜਾਰੀ, 48 ਡਿਗਰੀ ਦੇ ਨੇੜੇ ਪਹੁੰਚਿਆ ਪਾਰਾ

ਚੰਡੀਗੜ੍ਹ, 22 ਮਈ 2024: ਹਰਿਆਣਾ (Haryana) , ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਤ ਦੀ ਗਰਮੀ ਜਾਰੀ ਹੈ। ਗਰਮੀ ਕਾਰਨ ਹਰਿਆਣਾ ਦੇ 15 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਜਦੋਂ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਨੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ।

ਹਰਿਆਣਾ (Haryana) ਵਿੱਚ ਵੱਧ ਤੋਂ ਵੱਧ ਤਾਪਮਾਨ 48.0 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 14 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ ਅਤੇ ਫਰੀਦਾਬਾਦ ਸ਼ਾਮਲ ਹਨ। ਸੂਬੇ ਵਿੱਚ ਰਾਤ ਦੇ ਤਾਪਮਾਨ ਵਿੱਚ ਵੀ 1.4 ਡਿਗਰੀ ਦਾ ਵਾਧਾ ਹੋਇਆ ਹੈ।

ਮੌਸਮ ਵਿਭਾਗ ਨੇ 26 ਮਈ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਤਾਪਮਾਨ 2 ਡਿਗਰੀ ਤੱਕ ਹੋਰ ਵਧ ਸਕਦਾ ਹੈ। ਇਸ ਦੌਰਾਨ 35 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ।

ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਤਾਪਮਾਨ 41.1 ਤੱਕ ਪਹੁੰਚ ਗਿਆ ਹੈ। ਦੁਪਹਿਰ ਬਾਅਦ ਚੱਲ ਰਹੀ ਹਵਾ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।

Scroll to Top