Heat Wave

Heat wave: ਭਾਰਤ ਸਮੇਤ ਕਈ ਦੇਸ਼ਾਂ ‘ਚ ਅੱਤ ਦੀ ਗਰਮੀ ਦਾ ਕਹਿਰ, ਥਾਈਲੈਂਡ-ਬੰਗਲਾਦੇਸ਼ ‘ਚ 30 ਤੋਂ ਵੱਧ ਮੌਤਾਂ

ਚੰਡੀਗ੍ਹੜ, 23 ਮਈ 2024: ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ ‘ਚ ਹਨ। ਭਾਰਤ, ਬੰਗਲਾਦੇਸ਼, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਮਰੀਕਾ ਦੇ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਕਈ ਦੇਸ਼ਾਂ ‘ਚ ਰਾਤ ਨੂੰ ਵੀ ਹੀਟਵੇਵ (Heat wave) ਚੱਲ ਰਹੀ ਹੈ।

ਰਿਪੋਰਟ ਮੁਤਾਬਕ ਮਈ ਵਿੱਚ ਔਸਤ ਰਾਤ ਦਾ ਤਾਪਮਾਨ ਦਿਨ ਵਾਂਗ ਵਧਿਆ ਹੈ। ਦੱਖਣੀ ਏਸ਼ੀਆ ਵਿੱਚ ਹੀਟਵੇਵ (Heat wave) ਦਾ ਖ਼ਤਰਾ 45 ਗੁਣਾ ਵੱਧ ਗਿਆ ਹੈ। ਦੂਜੇ ਪਾਸੇ ਪੱਛਮੀ ਏਸ਼ੀਆ (ਸੀਰੀਆ, ਇਜ਼ਰਾਈਲ, ਫਿਲੀਸਤੀਨ, ਜਾਰਡਨ, ਲੇਬਨਾਨ) ਵਿੱਚ ਇਹ 5 ਗੁਣਾ ਵਧਿਆ ਹੈ। 22 ਮਈ ਨੂੰ ਭਾਰਤ ਦੇ 9 ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਜ਼ਰਾਈਲ ਅਤੇ ਫਿਲੀਸਤੀਨ ਵਿੱਚ ਜੰਗ ਕਾਰਨ ਹੀਟਵੇਵ ਵਧ ਗਈ ਹੈ।

ਇਹ ਏਸ਼ੀਆ ਵਿੱਚ ਲਗਾਤਾਰ ਤੀਜੇ ਸਾਲ ਘਾਤਕ ਹੀਟਵੇਵ ਚੱਲ ਰਹੀ ਹੈ। ਇਸ ਦਾ ਇੱਕ ਕਾਰਨ ਐਲ ਨੀਨੋ ਹੈ। ਜੈਕਬਾਬਾਦ, ਪਾਕਿਸਤਾਨ ਵਿੱਚ ਬੁੱਧਵਾਰ (22 ਮਈ) ਨੂੰ ਸਭ ਤੋਂ ਵੱਧ ਤਾਪਮਾਨ ਸੀ। ਇੱਥੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਇਸਦੇ ਨਾਲ ਹੀ ਮੀਂਹ ਅਤੇ ਹੜ੍ਹਾਂ ਤੋਂ ਪ੍ਰੇਸ਼ਾਨ ਪਾਕਿਸਤਾਨ ਹੁਣ ਗਰਮੀ ਦੀ ਮਾਰ ਝੱਲ ਰਿਹਾ ਹੈ। ਮੋਹਨਜੋਦੜੋ ਵਿੱਚ ਤਾਪਮਾਨ 48.5 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਆਮ ਨਾਲੋਂ 8 ਡਿਗਰੀ ਵੱਧ ਹੈ। ਇੱਥੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਕੂਲ 31 ਮਈ ਤੱਕ ਬੰਦ ਕਰ ਦਿੱਤੇ ਗਏ ਹਨ। ਹਸਪਤਾਲਾਂ ਨੂੰ ਹਾਈ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।

ਵੀਅਤਨਾਮ ਵਿੱਚ ਗਰਮੀ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ। ਕਈ ਛੱਪੜ ਪੂਰੀ ਤਰ੍ਹਾਂ ਸੁੱਕ ਗਏ ਹਨ। ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਬੰਗਲਾਦੇਸ਼ ਵਿੱਚ ਲਗਾਤਾਰ 26 ਦਿਨਾਂ ਤੋਂ ਹੀਟਵੇਵ ਜਾਰੀ ਹੈ। ਬੁੱਧਵਾਰ (22 ਮਈ) ਨੂੰ ਤਾਪਮਾਨ 43.8 ਡਿਗਰੀ ਤੱਕ ਪਹੁੰਚ ਗਿਆ, ਜੋ ਔਸਤ ਨਾਲੋਂ 7 ਡਿਗਰੀ ਵੱਧ ਹੈ। ਇੱਥੇ ਹੁਣ ਤੱਕ 30 ਜਣਿਆਂ ਦੀ ਮੌਤ ਹੋ ਚੁੱਕੀ ਹੈ। ਥਾਈਲੈਂਡ ਵਿੱਚ ਵੀ ਗਰਮੀ ਕਾਰਨ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਅਪ੍ਰੈਲ ਤੋਂ ਹੀ ਮਿਆਂਮਾਰ ‘ਚ ਹੀਟਵੇਵ ਸ਼ੁਰੂ ਹੋ ਗਈ ਸੀ। ਇਸ ਕਾਰਨ ਦੇਸ਼ ਵਿੱਚ ਅਪ੍ਰੈਲ ਤੋਂ 10 ਮਈ ਤੱਕ ਹਰ ਰੋਜ਼ 40 ਮੌਤਾਂ ਹੋਈਆਂ। ਇੱਥੇ ਤਾਪਮਾਨ 48.2 ਡਿਗਰੀ ਤੱਕ ਪਹੁੰਚ ਗਿਆ ਹੈ। ਮੈਕਸੀਕੋ ਦੇ ਜੰਗਲਾਂ ‘ਚ ਗਰਮੀ ਕਾਰਨ ਬਾਂਦਰ ਦਰੱਖਤਾਂ ਤੋਂ ਡਿੱਗ ਕੇ ਮਰ ਰਹੇ ਹਨ। ਜਿਨ੍ਹਾਂ ਇਲਾਕਿਆਂ ਵਿਚ ਬਾਂਦਰਾਂ ਦੀ ਮੌਤ ਹੋ ਰਹੀ ਹੈ, ਉੱਥੇ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।

Scroll to Top