July 4, 2024 6:47 pm
Haryana

ਹਰਿਆਣਾ ‘ਚ ਗਰਮੀ ਦਾ ਕਹਿਰ, ਸੂਬੇ ‘ਚ ਪਹਿਲੀ ਵਾਰ ਪਾਰਾ 49 ਡਿਗਰੀ ਸੈਲਸੀਅਸ ਤੋਂ ਪਾਰ

ਚੰਡੀਗੜ੍ਹ, 27 ਮਈ 2024: ਹਰਿਆਣਾ (Haryana) ਵਿੱਚ ਅੱਤ ਦੀ ਗਰਮੀ ਰਿਕਾਰਡ ਤੋੜ ਰਹੀ ਹੈ |ਹਰਿਆਣਾ ਵਿੱਚ ਪਹਿਲੀ ਵਾਰ ਦਿਨ ਦਾ ਤਾਪਮਾਨ 49.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਹਰਿਆਣਾ ਦੇ ਕਿਸੇ ਵੀ ਇਲਾਕੇ ਵਿਚ ਤਾਪਮਾਨ ਇੰਨਾ ਜ਼ਿਆਦਾ ਨਹੀਂ ਸੀ।

ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਗਰਮੀ ਪੈ ਰਹੀ ਹੈ। ਦਿਨ ‘ਚ ਤਾਂ ਰਿਕਾਰਡ ਗਰਮੀ ਪਈ ਹੀ, ਇਸਦੇ ਨਾਲ ਹੀ ਸ਼ਾਮ 6 ਵਜੇ ਤੱਕ ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ।

ਇਸ ਤੋਂ ਪਹਿਲਾਂ ਹਰਿਆਣਾ (Haryana) ਵਿੱਚ 26 ਮਈ 1998 ਨੂੰ ਹਿਸਾਰ ਵਿੱਚ ਸਭ ਤੋਂ ਵੱਧ 48.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਸਮੇਂ ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ । ਇਸ ਵਾਰ ਮਈ ਮਹੀਨੇ ਵਿੱਚ ਆਮ ਨਾਲੋਂ 71% ਘੱਟ ਮੀਂਹ ਪਿਆ ਹੈ। ਇਸ ਤੋਂ ਬਾਅਦ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ‘ਚ ਰਾਤ ਨੂੰ ਪਾਰਾ ਵਧ ਸਕਦਾ ਹੈ। ਦਿਨ ਦੇ ਤਾਪਮਾਨ ਵਿੱਚ ਹੋਰ ਵਾਧਾ ਸੰਭਵ ਹੈ। 30 ਮਈ ਨੂੰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵਧਦੇ ਤਾਪਮਾਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।