ਚੰਡੀਗੜ੍ਹ, 7 ਮਈ 2024: ਕਥਿਤ ਦਿੱਲੀ ਸ਼ਰਾਬ ਘਪਲੇ ‘ਚ ਜੇਲ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋ ਰਹੀ ਹੈ। 3 ਮਈ ਨੂੰ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਚੋਣ ਪ੍ਰਚਾਰ ‘ਚ ਹਿੱਸਾ ਲੈ ਸਕਣ। ਉਨ੍ਹਾਂ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ ਅੱਜ ਸੁਣਵਾਈ ਤੋਂ ਬਾਅਦ ਪਤਾ ਚਲੇਗਾ |
ਦੂਜੇ ਪਾਸੇ ਮਾਮਲੇ ਦੀ ਸੁਣਵਾਈ ਦੌਰਾਨ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ (CM Arvind Kejriwal) ਸਾਲ 2022 ਵਿੱਚ ਗੋਆ ਵਿਧਾਨ ਸਭਾ ਚੋਣਾਂ ਦੌਰਾਨ 7 ਸਟਾਰ ਗ੍ਰੈਂਡ ਹਯਾਤ ਹੋਟਲ ਵਿੱਚ ਠਹਿਰੇ ਸਨ ਅਤੇ ਹੋਟਲ ਦੇ ਬਿੱਲ ਦਾ ਭੁਗਤਾਨ ਚੈਨਪ੍ਰੀਤ ਸਿੰਘ ਨੇ ਕੀਤਾ ਸੀ। ਚਨਪ੍ਰੀਤ ਸਿੰਘ ‘ਤੇ ਗੋਆ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਕਥਿਤ ਤੌਰ ‘ਤੇ ਫੰਡ ਲੈਣ ਦਾ ਦੋਸ਼ ਹੈ।
ਈਡੀ ਦੇ ਵਕੀਲ ਐਡੀਸ਼ਨਲ ਸਾਲਿਸਟਰ ਜਨਰਲ ਐਸਵੀ ਰਾਜੂ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕੀਤਾ ਅਤੇ ਕਿਹਾ, ‘ਇਹ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਨਹੀਂ ਹੈ। ਅਸੀਂ ਇਸ ਮਾਮਲੇ ਵਿੱਚ ਹੋ ਰਹੀ ਰਾਜਨੀਤੀ ਤੋਂ ਚਿੰਤਤ ਨਹੀਂ ਹਾਂ, ਪਰ ਸਾਡੀ ਚਿੰਤਾ ਸਬੂਤਾਂ ਨੂੰ ਲੈ ਕੇ ਹੈ। ਸ਼ੁਰੂ ‘ਚ ਸਾਡਾ ਧਿਆਨ ਅਰਵਿੰਦ ਕੇਜਰੀਵਾਲ ‘ਤੇ ਨਹੀਂ ਸੀ ਅਤੇ ਨਾ ਹੀ ਈਡੀ ਕੇਜਰੀਵਾਲ ‘ਤੇ ਕਾਰਵਾਈ ਕਰਨ ਬਾਰੇ ਸੋਚ ਰਹੀ ਸੀ ਪਰ ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਗਈ, ਕੇਜਰੀਵਾਲ ਦੀ ਭੂਮਿਕਾ ਸਪੱਸ਼ਟ ਹੁੰਦੀ ਗਈ।