July 4, 2024 11:08 pm
Punjabi University

ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਹੁਣ ਆਪਣੀ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਤੁਰੰਤ ਸਮਝ ਸਕਣਗੇ ਅੰਗਰੇਜ਼ੀ ਖ਼ਬਰਾਂ: ਪੰਜਾਬੀ ਯੂਨੀਵਰਸਿਟੀ ਦੀ ਖੋਜ

ਪਟਿਆਲਾ 13 ਮਈ 2024: ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਜੇਕਰ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਖ਼ਬਰਾਂ ਨੂੰ ਸਮਝਣਾ ਚਾਹੁਣ ਤਾਂ ਉਹ ਇੱਕ ਸਾਫ਼ਟਵੇਅਰ ਰਾਹੀਂ ਕਲਿੱਕ ਕਰਕੇ ਤੁਰੰਤ ਇਸ ਨੂੰ ਆਪਣੀ ਇਸ਼ਾਰਿਆਂ ਦੀ ਭਾਸ਼ਾ ‘ਇੰਡੀਅਨ ਸਾਈਨ ਲੈਂਗੂਏਜ’ ਵਿੱਚ ਬਦਲ ਕੇ ਸਮਝ ਸਕਣਗੇ। ਇਸੇ ਤਰ੍ਹਾਂ ਇੱਕ ਹੋਰ ਵੱਖਰੇ ਸਾਫ਼ਟਵੇਅਰ ਰਾਹੀਂ ਜਨਤਕ ਥਾਵਾਂ ਉੱਤੇ ਹੁੰਦੀਆਂ ਘੋਸ਼ਣਾਵਾਂ ਨੂੰ ਵੀ ਤੁਰੰਤ ਅਜਿਹੀ ਵੀਡੀਓ ਵਿੱਚ ਬਦਲਿਆ ਜਾ ਸਕੇਗਾ ਜਿਸ ਵੀਡੀਓ ਤੋਂ ਅਜਿਹੇ ਵਿਸ਼ੇਸ਼ ਲੋੜਾਂ ਵਾਲ਼ੇ ਵਿਦਿਆਰਥੀ ਆਪਣੀ ਗੱਲ ਸਮਝ ਸਕਣ।

ਇਹ ਦੋਵੇਂ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਵਿਖੇ ਦੋ ਵਿਦਿਆਰਥੀਆਂ ਵੱਲੋਂ ਆਪਣੇ ਪੀ-ਐੱਚ. ਡੀ. ਖੋਜ ਕਾਰਜ ਦੌਰਾਨ ਬਣਾਏ ਗਏ ਹਨ। ਇਹ ਦੋਹੇ ਖੋਜਾਂ ਇਸ ਵਿਭਾਗ ਤੋਂ ਪ੍ਰੋ. ਵਿਸ਼ਾਲ ਗੋਇਲ, ਜੋ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਵਜੋਂ ਵੀ ਕਾਰਜਸ਼ੀਲ ਹਨ, ਦੀ ਅਗਵਾਈ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਸਮਾਜ ਦੀ ਭਲਾਈ ਲਈ ਅਤੇ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨਾਲ ਜਿਉਂ ਰਹੇ ਵਿਸ਼ੇਸ਼ ਜੀਆਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਖੋਜਾਂ ਸੰਸਾਰ ਵਿੱਚ ਆਪਣੀ ਕਿਸਮ ਦੀਆਂ ਪਹਿਲੀਆਂ ਖੋਜਾਂ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਖੇਤਰ ਵਿੱਚ ਨਿੱਠ ਕੇ ਕਾਰਜ ਕਰ ਰਹੇ ਹਨ ਤਾਂ ਕਿ ਸਮਾਜ ਦੇ ਸਾਰੇ ਜੀਆਂ ਦੀ ਬੇਹਤਰੀ ਲਈ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲ਼ੇ ਸਮੇਂ ਵਿੱਚ ਇਸ ਕਿਸਮ ਦੀਆਂ ਹੋਰ ਖੋਜਾਂ ਵੀ ਸਾਹਮਣੇ ਲਿਆਂਦੀਆਂ ਜਾਣਗੀਆਂ।

ਖੋਜਾਰਥੀ ਅਨੂ ਬਾਲਾ ਨੇ ਆਪਣੀ ਖੋਜ ਦੇ ਹਵਾਲੇ ਨਾਲ ਦੱਸਿਆ ਕਿ ਦੱਸਿਆ ਕਿ ਉਨ੍ਹਾਂ ਸੁਣਨ ਅਤੇ ਬੋਲਣ ਤੋਂ ਅਸਮਰਥ ਵਿਅਕਤੀਆਂ ਦੀ ਭਲਾਈ ਲਈ ਇੱਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਹੈ ਜੋ ਇੱਕ ਕਲਿੱਕ ਕਰਨ ਉੱਤੇ ਅੰਗਰੇਜ਼ੀ ਖ਼ਬਰਾਂ ਨੂੰ ਭਾਰਤੀ ਸੰਕੇਤਕ ਭਾਸ਼ਾ ਵਿੱਚ ਬਦਲਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਇਸ ਸੰਕੇਤਕ ਭਾਸ਼ਾ ਨੂੰ ਸਮਝਣ ਦੇ ਯੋਗ ਹੁੰਦੇ ਹਨ। ਅਜਿਹਾ ਹੋਣ ਨਾਲ਼ ਹੁਣ ਉਹ ਵਿਅਕਤੀ ਨਿੱਤ-ਦਿਨ ਦੀਆਂ ਖ਼ਬਰਾਂ ਆਪਣੀ ਭਾਸ਼ਾ ਵਿੱਚ ਬਦਲ ਕੇ ਇਸ ਸਮਾਜ ਦੀ ਸਿੱਧੀ ਸਮਝ ਰੱਖ ਸਕਦੇ ਹਨ ਅਤੇ ਸਮਾਜ ਨਾਲ਼ ਸਿੱਧਾ ਰਾਬਤਾ ਕਾਇਮ ਕਰਨ ਦੇ ਸਮਰੱਥ ਹੋ ਸਕਦੇ ਹਨ।

ਖੋਜਾਰਥੀ ਰਾਕੇਸ਼ ਕੁਮਾਰ ਨੇ ਆਪਣੀ ਖੋਜ ਬਾਰੇ ਦੱਸਿਆ ਕਿ ਉਸ ਨੇ ਇੱਕ ਅਜਿਹਾ ਸਾਫ਼ਟਵੇਅਰ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਨਾਲ਼ ਜਨਤਕ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਅੱਡਾ, ਹਵਾਈ ਅੱਡਾ ਆਦਿ ਉੱਤੇ ਹੋਣ ਵਾਲੀਆਂ ਜ਼ਰੂਰੀ ਘੋਸ਼ਣਾਵਾਂ ਨੂੰ ਤੁਰੰਤ ਭਾਰਤੀ ਸੰਕੇਤਕ ਭਾਸ਼ਾ ਨਾਲ਼ ਸੰਬੰਧਤ ਵੀਡੀਓ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਇਨ੍ਹਾਂ ਜਨਤਕ ਥਾਵਾਂ ਉੱਤੇ ਵੱਡੀਆਂ ਸਕਰੀਨਾਂ ਲਗਾ ਕੇ ਇਸ ਸਾਫ਼ਟਵੇਅਰ ਦੀ ਮਦਦ ਲਈ ਜਾਵੇਗੀ ਤਾਂ ਇੱਥੇ ਹੁੰਦੀਆਂ ਨਿੱਤ-ਦਿਨ ਦੀਆਂ ਜ਼ਰੂਰੀ ਘੋਸ਼ਣਾਵਾਂ ਨੂੰ ਤੁਰੰਤ ਇਸ ਭਾਸ਼ਾ ਵਿੱਚ ਅਨੁਵਾਦ ਕੇ ਸੁਣਨ-ਬੋਲਣ ਤੋਂ ਅਸਮਰਥ ਵਿਅਕਤੀਆਂ ਲਈ ਲਾਹੇਵੰਦ ਬਣਾਇਆ ਜਾ ਸਕਦਾ ਹੈ।

ਵਾਈਸ ਚਾਂਸਲਰ ਪ੍ਰੋ ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਇਸ ਸਬੰਧੀ ਵਧਾਈ ਦਿੰਦੇ ਹੋਏ ਦੋਹਾਂ ਖੋਜਾਰਥੀਆਂ ਅਤੇ ਨਿਗਰਾਨ ਪ੍ਰੋ. ਵਿਸ਼ਾਲ ਗੋਇਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਲਈ ਸਿੱਧੇ ਤੌਰ ਉਤੇ ਲਾਭਦਾਇਕ ਹੋਣ ਵਾਲੀਆਂ ਅਜਿਹੀਆਂ ਖੋਜਾਂ ਨੂੰ ਹੋਰ ਵਧੇਰੇ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ।