July 2, 2024 7:25 pm
Retired judges

ਮਣੀਪੁਰ ਘਟਨਾ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ, ਪੀੜਤ ਔਰਤਾਂ ਕੇਸ ਨੂੰ ਆਸਾਮ ਤਬਦੀਲ ਕੀਤੇ ਜਾਣ ਦੇ ਖ਼ਿਲਾਫ਼

ਚੰਡੀਗੜ੍ਹ, 31 ਜੁਲਾਈ 2023: ਮਣੀਪੁਰ (Manipur) ਵਾਇਰਲ ਵੀਡੀਓ ਮਾਮਲੇ ‘ਚ ਸੁਪਰੀਮ ਕੋਰਟ ‘ਚ ਅੱਜ ਫਿਰ ਤੋਂ ਸੁਣਵਾਈ ਹੋ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ, ਪਰ ਇਹ ਇਕੱਲੀ ਅਜਿਹੀ ਘਟਨਾ ਨਹੀਂ ਹੈ ਜਿੱਥੇ ਔਰਤਾਂ ‘ਤੇ ਹਮਲਾ ਅਤੇ ਕੁੱਟਮਾਰ ਕੀਤੀ ਗਈ ਹੋਵੇ, ਹੋਰ ਘਟਨਾਵਾਂ ਵੀ ਹਨ।

ਸੀਜੇਆਈ ਨੇ ਕਿਹਾ ਕਿ ਸਾਨੂੰ ਔਰਤਾਂ ਵਿਰੁੱਧ ਹਿੰਸਾ ਦੇ ਵਿਆਪਕ ਮੁੱਦੇ ਨੂੰ ਦੇਖਣ ਲਈ ਇੱਕ ਪ੍ਰਣਾਲੀ ਵੀ ਬਣਾਉਣੀ ਪਵੇਗੀ। ਇਸ ਪ੍ਰਣਾਲੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਪੁੱਛਿਆ ਕਿ 3 ਮਈ ਤੋਂ ਲੈ ਕੇ ਹੁਣ ਤੱਕ ਮਣੀਪੁਰ ਵਿੱਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਕਿੰਨੀਆਂ ਅਜਿਹੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਜਦੋਂ ਇਹ ਘਟਨਾ 4 ਮਈ ਨੂੰ ਹੋਈ ਸੀ ਤਾਂ 18 ਮਈ ਨੂੰ ਐਫਆਈਆਰ ਕਿਉਂ ਦਰਜ ਕੀਤੀ ਗਈ? 4 ਮਈ ਤੋਂ 18 ਮਈ ਤੱਕ ਪੁਲਿਸ ਕੀ ਕਰ ਰਹੀ ਸੀ? ਜਦੋਂ ਔਰਤਾਂ ਨਾਲ ਇਹ ਘਟਨਾ ਵਾਪਰੀ ਉਸ ਵੇਲੇ ਪੁਲਿਸ ਕੀ ਕਰ ਰਹੀ ਸੀ ?

ਮਣੀਪੁਰ (Manipur) ਦੀਆਂ ਦੋ ਪੀੜਤ ਔਰਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਔਰਤਾਂ ਮਾਮਲੇ ਦੀ ਸੀਬੀਆਈ ਜਾਂਚ ਅਤੇ ਕੇਸ ਨੂੰ ਅਸਾਮ ਤਬਦੀਲ ਕਰਨ ਦੇ ਖ਼ਿਲਾਫ਼ ਹਨ। ਇਸ ‘ਤੇ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਕਦੇ ਵੀ ਮੁਕੱਦਮੇ ਨੂੰ ਅਸਾਮ ‘ਚ ਤਬਦੀਲ ਕਰਨ ਦੀ ਬੇਨਤੀ ਨਹੀਂ ਕੀਤੀ। ਅਸੀਂ ਕਿਹਾ ਹੈ ਕਿ ਇਸ ਕੇਸ ਨੂੰ ਮਣੀਪੁਰ ਤੋਂ ਬਾਹਰ ਤਬਦੀਲ ਕੀਤਾ ਜਾਵੇ।