July 5, 2024 6:05 am
Dr. Balbir Singh

ਸਿਹਤ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਡਾਕਟਰ ਵਜੋਂ ਸਮਰਪਣ ਭਾਵਨਾ, ਉਪਲਬਧਤਾ ਤੇ ਹਮੇਸ਼ਾਂ ਲੋਕ ਸੇਵਾ ਲਈ ਸਮਰਪਿਤ ਰਹਿਣ ਦਾ ਸੱਦਾ

ਸੁਨਾਮ ਊਧਮ ਸਿੰਘ ਵਾਲਾ, 25 ਫਰਵਰੀ, 2023: ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਆਯੋਜਿਤ ਕਨਵੋਕੇਸ਼ਨ ਅਤੇ ਸਿਲਵਰ ਜੁਬਲੀ ਸਮਾਗਮ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਧਰਮਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਪ੍ਰਧਾਨ ਡੈਂਟਲ ਕੌਂਸਲ ਆਫ ਇੰਡੀਆ ਡਾ. ਦਿਬਯੇਂਦੂ ਮਜੂਮਦਾਰ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਮੇਤ ਕੁੱਲ 250 ਵਿਦਿਆਰਥੀਆਂ (Students) ਨੂੰ ਇਨਾਮ ਅਤੇ ਡਿਗਰੀ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਇਸ ਮੌਕੇ ਸਿਹਤ ਮੰਤਰੀ ਨੇ ਵਿਦਿਆਰਥੀਆਂ (Students) ਨੂੰ ਡਾਕਟਰ ਵਜੋਂ ਹਮੇਸ਼ਾਂ ਸਮਰਪਣ ਭਾਵਨਾ, ਮਰੀਜ਼ਾਂ ਨਾਲ ਪਿਆਰ ਤੇ ਸਤਿਕਾਰ ਨਾਲ ਬੋਲਣ, ਵਿਸ਼ੇ ਬਾਰੇ ਡੂੰਘੀ ਜਾਣਕਾਰੀ ਰੱਖਣ, ਉਪਲਬਧਤਾ ਅਤੇ ਲੋਕ ਸੇਵਾ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਮਿਊਨਿਟੀ ਸਿਹਤ ਕੇਂਦਰ ਵਿੱਚ 8 ਰੋਗਾਂ ਦੇ ਸਰਜਨਾਂ ਦੀ ਤਾਇਨਾਤੀ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਪੁੱਟੇ ਜਾ ਰਹੇ ਹਨ ਜਿਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਸਰਜਨ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਸਿਹਤ ਦੇ ਖੇਤਰ ਵਿੱਚ ਸਰਵੋਤਮ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਸਥਾਪਨਾ ਦੇ 25 ਵਰਿ੍ਹਆਂ ਵਿੱਚ ਅਨੇਕਾਂ ਚੁਣੌਤੀਆਂ ਆਈਆਂ ਪਰ ਯੋਜਨਾਬੱਧ ਢੰਗ ਤੇ ਮਿਲਵਰਤਨ ਨਾਲ ਕੰਮ ਕੀਤਾ ਅਤੇ ਇਸ ਦੇ ਨਤੀਜੇ ਵਜੋਂ ਇਸ ਕਾਲਜ ਤੋਂ ਗਿਆਨ ਦਾ ਚਾਨਣ ਲੈਣ ਵਾਲੇ ਵਿਦਿਆਰਥੀ ਅੱਜ ਦੁਨੀਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਜਲਦੀ ਹੀ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਨੂੰ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਜੂਨ 1996 ਵਿੱਚ ਡਾ. ਵਿਕਰਮ ਸ਼ਰਮਾ ਅਤੇ ਅਸ਼ੋਕ ਕੁਮਾਰ ਬਾਂਸਲ ਨਾਲ ਮਿਲ ਕੇ ਆਰੰਭਿਆ ਸੀ ਜੋ ਕਿ ਅੱਜ ਇੱਕ ਵੱਡੇ ਰੁੱਖ ਵਜੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਲ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਲਜ ਦੀ ਸ਼ੁਰੂਆਤ ਬੈਚਲਰ ਆਫ ਡੈਂਟਲ ਸਰਜਰੀ ਕੋਰਸ ਨਾਲ ਹੋਈ ਅਤੇ ਉਦੋਂ ਤੋਂ ਹੁਣ ਤੱਕ ਇਹ ਬੀਡੀਐਸ ਅਤੇ ਵਿਸ਼ੇਸ਼ਤਾਵਾਂ ਵਿੱਚ ਐਮਡੀਐਸ ਕੋਰਸਾਂ ਵਿੱਚ 17 ਸੀਟਾਂ ਦੇ ਮੀਲ ਪੱਥਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾਪਕ ਚੇਅਰਮੈਨ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਇੱਕ ਮਲਟੀਸਪੈਸਲਿਟੀ ਜਨਰਲ ਹਸਪਤਾਲ, ਭਗਵਾਨ ਦਾਸ ਅਰੋੜਾ ਮੈਮੋਰੀਅਲ ਹਸਪਤਾਲ ਸੁਨਾਮ ਅਤੇ ਆਸ ਪਾਸ ਦੇ ਖੇਤਰਾਂ ਦੀ ਗਰੀਬ ਪੇਂਡੂ ਆਬਾਦੀ ਨੂੰ ਅਤਿ ਆਧੁਨਿਕ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ ਸੀ ਜੋ ਵਿਦਿਆਰਥੀਆਂ (Students) ਨੂੰ ਏਐਨਐਮ ਅਤੇ ਜੀਐਨਐਮ ਕੋਰਸ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਸਮਾਗਮ ਦਾ ਆਗਾਜ਼ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ ਜਦਕਿ ਸਮਾਗਮ ਦੌਰਾਨ ਸੋਵੀਨਰ ਰਿਲੀਜ਼ ਕਰਨ ਦੀ ਰਸਮ ਤੋਂ ਬਾਅਦ ਕਾਲਜ ਪ੍ਰਬੰਧਕਾਂ ਦੀ ਤਰਫੋਂ ਵੱਖ-ਵੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ। ਮੌਜੂਦਾ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਮਾਗਮ ਵਿਚ ਬੀਬੀ ਪਰਮੇਸ਼ਵਰੀ ਦੇਵੀ ਪਤਨੀ ਸਵ. ਭਗਵਾਨ ਦਾਸ ਅਰੋੜਾ, ਸ੍ਰੀਮਤੀ ਰਾਧਿਕਾ ਅਰੋੜਾ ਚੇਅਰਪਰਸਨ, ਐਡਵੋਕੇਟ ਅਸ਼ੋਕ ਬਾਂਸਲ (ਡਾਇਰੈਕਟਰ), ਡਾ ਅਸ਼ਵਰਿਆ ਸ਼ਰਮਾ, (ਡਾਇਰੈਕਟਰ), ਸ੍ਰੀਮਤੀ ਸੁਧਾ ਸ਼ਰਮਾ, ਸ੍ਰੀਮਤੀ ਸਬੀਨਾ ਅਰੋੜਾ, ਡਾ ਈਸਾਨ ਸ਼ਰਮਾ, ਡਾ ਪਾਰੁਲ ਬਾਂਸਲ, ਅਖਿਲ ਬਾਂਸਲ ਅਤੇ ਪ੍ਰਣਵ ਅਰੋੜਾ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਜੈਨ ਅਤੇ ਵਾਇਸ ਪ੍ਰਿੰਸੀਪਲ ਡਾ. ਵਰਿੰਦਰ ਗੋਇਲ ਨੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨੂੰ ਸਮਾਜ ਦੀ ਸੇਵਾ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਅਤੇ ਨਾਮਵਰ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਨਵੋਕੇਸ਼ਨ ਸਮਾਰੋਹ ਤੋਂ ਬਾਅਦ, 1997 ਅਤੇ 2023 ਦੇ ਵਿਚਕਾਰ ਸਾਬਕਾ ਕਾਲਜ ਗਰੈਜੂਏਟਾਂ ਨੇ ਅਲੂਮਨੀ ਮੀਟ ਦਾ ਜਸ਼ਨ ਮਨਾਇਆ।